ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਪੀੜਤ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਹੁਣ ਨਿੱਜੀ ਹਸਪਤਾਲਾਂ ਦਾ ਸਹਾਰਾ ਲਵੇਗਾ। ਜ਼ਿਲ੍ਹੇ ਦੇ ਸਾਰੇ ਨਿੱਜੀ ਹਸਪਤਾਲਾਂ ਨੂੰ ਵੀਹ ਤੋਂ ਚਾਲ੍ਹੀ ਬੈੱਡ ਕੋਰੋਨਾ ਮਰੀਜ਼ਾਂ ਲਈ ਰਾਖਵੀਆਂ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਬੈੱਡ ਦਾ ਇਸਤੇਮਾਲ ਉਸ ਹਾਲਤ 'ਚ ਕੀਤਾ ਜਾਵੇਗਾ, ਜਦੋਂ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਬੈੱਡ ਘੱਟ ਪੈ ਜਾਣਗੇ।

ਦਰਅਸਲ, ਗੁਰੂ ਨਗਰੀ 'ਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵਧਿਆ ਹੈ। ਇੱਥੇ 1136 ਕੋਰੋਨਾ ਪੀੜਤ ਰਿਪੋਰਟ ਹੋ ਚੁੱਕੇ ਹਨ। ਕੋਰੋਨਾ ਮਹਾਮਾਰੀ ਵਧੇਗੀ ਜਾਂ ਰੁਕੇਗੀ, ਇਹ ਭਵਿੱਖ ਦੇ ਕੁੱਖ 'ਚ ਹੈ ਪਰ ਸਿਹਤ ਵਿਭਾਗ ਨੇ ਸੰਭਾਵਿਕ ਖਤਰੇ ਨੂੰ ਭਾਂਪਦੇ ਹੋਏ ਨਿੱਜੀ ਹਸਪਤਾਲਾਂ ਦਾ ਸਹਾਰਾ ਲਿਆ ਹੈ। ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ਦੀ ਬਕਾਇਦਾ ਸੂਚੀ ਤਿਆਰ ਕਰ ਲਈ ਗਈ ਹੈ। ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਸਰਕਾਰੀ ਹਸਪਤਾਲਾਂ 'ਚ ਬੈੱਡ ਸਮਰਥਾ ਘੱਟ ਹੋਣ ਦੀ ਸੂਰਤ ਵਿਚ ਨਿੱਜੀ ਹਸਪਤਾਲਾਂ 'ਚ ਮਰੀਜ਼ ਭੇਜੇ ਜਾਣਗੇ। ਨਿੱਜੀ ਹਸਪਤਾਲਾਂ ਨੂੰ ਵੀਹ ਤੋਂ ਚਾਲ੍ਹੀ ਫ਼ੀਸਦੀ ਤੱਕ ਬੈੱਡ ਰਾਖਵੇਂ ਰੱਖਣੇ ਹੋਣਗੇ। ਆਈਸੀਯੂ ਤੇ ਵੈਂਟੀਲੇਟਰ ਵੀ ਕੋਰੋਨਾ ਮਰੀਜ਼ ਲਈ ਮੁਹੱਈਆ ਕਰਵਾਉਣੇ ਹੋਣਗੇ। ਨਿੱਜੀ ਹਸਪਤਾਲਾਂ 'ਚ ਇਲਾਜ 'ਚ ਖਰਚ ਹੋਣ ਵਾਲੀ ਰਾਸ਼ੀ ਕੇਂਦਰ ਸਰਕਾਰ ਵਲੋਂ ਜਾਰੀ ਗਾਈਡਲਾਈਨ ਮੁਤਾਬਕ ਹੋਵੇਗੀ। ਜ਼ਿਲ੍ਹੇ ਦੇ ਕੁੱਝ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

-- ਨਿੱਜੀ ਲੈਬੋਰੇਟਰੀਜ 2400 ਰੁਪਏ 'ਚ ਕਰਨਗੀਆਂ ਕੋਵਿਡ-19 ਟੈਸਟ

ਸ਼ਹਿਰ ਦੀ ਨਿੱਜੀ ਲੈਬੋਰੇਟਰੀਜ 'ਚ ਵੀ ਕੋਰੋਨਾ ਟੈਸਟ ਕੀਤਾ ਜਾ ਸਕੇਗਾ। ਆਈਸੀਐੱਮਆਰ ਵਲੋਂ ਪ੍ਰਮਾਣਿਤ ਨਿੱਜੀ ਲੈਬੋਰੇਟਰੀ ਨੂੰ ਇਕ ਟੈਸਟ ਬਦਲੇ 2400 ਰੁਪਏ ਅਦਾ ਕਰਨੇ ਹੋਣਗੇ। ਨਿੱਜੀ ਲੈਬੋਰੇਟਰੀ ਨੂੰ ਟੈਸਟ ਕਰਨ ਲਈ ਸਿਵਲ ਸਰਜਨ ਦਫ਼ਤਰ ਤੋਂ ਬਕਾਇਦਾ ਮਨਜੂਰੀ ਲੈਣੀ ਹੋਵੇਗੀ। ਇਸ ਤੋਂ ਪਹਿਲਾਂ ਅੰਮਿ੍ਤਸਰ 'ਚ ਤਿੰਨ ਲੈਬੋਰੇਟਰੀਆਂ 'ਚ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਨੇ ਪਹਿਲਾਂ ਇਸ ਟੈਸਟ ਦਾ ਰੇਟ 4500 ਰੁਪਏ ਨਿਰਧਾਰਤ ਕੀਤਾ ਸੀ ਪਰ ਹੁਣ ਨਵੀਆਂ ਗਾਈਡਲਾਈਨ ਮੁਤਾਬਕ 2400 ਰੁਪਏ 'ਚ ਕੀਤਾ ਜਾਵੇਗਾ।

-- ਸਿਵਲ ਹਸਪਤਾਲ 'ਚ ਹੋਏ 32 ਐਂਟੀਜਨ ਟੈਸਟ

ਸਿਵਲ ਹਸਪਤਾਲ 'ਚ ਐਂਟੀਜਨ ਟੈਸਟ ਦੀ ਸ਼ੁਰੂਆਤ ਹੋ ਚੁੱਕੀ ਹੈ। ਐਂਟੀਜਨ ਟੈਸਟ ਲਈ ਇਕ ਹਜ਼ਾਰ ਕਿਟਸ ਹਸਪਤਾਲ ਨੂੰ ਮਿਲੀਆਂ ਹਨ। ਇਸ ਟੈਸਟ ਨਾਲ ਸਿਰਫ਼ ਪੰਦਰਾਂ ਮਿੰਟ 'ਚ ਹੀ ਪਾਜ਼ੇਟਿਵ ਤੇ ਨੈਗੇਟਿਵ ਰਿਪੋਰਟ ਪ੍ਰਰਾਪਤ ਹੋਵੇਗੀ।

-- ਕੋਰੋਨਾ ਪੀੜਤਾਂ ਦੀਆਂ ਮੌਤਾਂ ਦਾ ਰਿਵਿਊ ਸ਼ੁਰੂ

ਜ਼ਿਲ੍ਹੇ 'ਚ ਕੋਰੋਨਾ ਨਾਲ 56 ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਵਲੋਂ ਇਨ੍ਹਾਂ ਮੌਤਾਂ ਦਾ ਰਿਵਿਊ ਕੀਤਾ ਜਾ ਰਿਹਾ ਹੈ ਕਿ ਕੀ ਸਹੀ ਵਿਚ ਇਨ੍ਹਾਂ ਦੀ ਮੌਤ ਦੀ ਵਜ੍ਹਾ ਕੋਰੋਨਾ ਬਣਿਆ। ਸਿਵਲ ਸਰਜਨ ਨੇ ਕਿਹਾ ਜੋ ਲੋਕ ਮੌਤ ਦੇ ਸ਼ਿਕਾਰ ਹੋਏ, ਉਹ ਕਈ ਹੋਰ ਬਿਮਾਰੀਆਂ ਦਾ ਸ਼ਿਕਾਰ ਸਨ। ਇਨ੍ਹਾਂ ਬਿਮਾਰੀਆਂ ਦੀ ਵਜ੍ਹਾ ਨਾਲ ਉਨ੍ਹਾਂ ਦੀ ਮੌਤ ਸੁਭਾਵਿਕ ਸੀ ਪਰ ਉਨ੍ਹਾਂ ਦੇ ਨਾਲ ਕੋਰੋਨਾ ਵਾਇਰਸ ਵੀ ਜੁੜ ਗਿਆ। ਮੌਤਾਂ ਦੀ ਵਜ੍ਹਾ ਨਾਲ ਲੋਕਾਂ 'ਚ ਦਹਿਸ਼ਤ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਰਬਿੰਦਰ ਸਿੰਘ ਸੇਠੀ 'ਤੇ ਆਧਾਰਿਤ ਕਮੇਟੀ ਇਨ੍ਹਾਂ ਮੌਤਾਂ ਦਾ ਰਿਵਿਊ ਕਰ ਰਹੀ ਹੈ।