ਸਟਾਫ ਰਿਪੋਰਟਰ, ਅੰਮਿ੍ਤਸਰ : ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਕੋਰੋਨਾ ਮਹਾਮਾਰੀ ਦੀ ਸਥਿਤੀ ਨੂੰ ਲੈ ਕੇ ਸਰਕਟ ਹਾਊਸ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਸ਼ਿਵਦੁਲਾਰ ਸਿੰਘ ਿਢੱਲੋਂ ਡਿਪਟੀ ਕਮਿਸ਼ਨਰ ਅੰਮਿ੍ਤਸਰ, ਡਾ. ਸੁਖਚੈਨ ਸਿੰਘ ਪੁਲਿਸ ਕਮਿਸ਼ਨਰ, ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ, ਸੰਦੀਪ ਰਿਸ਼ੀ ਵਧੀਕ ਕਮਿਸ਼ਨਰ ਨਗਰ ਨਿਗਮ, ਡਾ. ਰਜੀਵ ਦੇਵਗਨ ਪਿ੍ਰੰਸੀਪਲ ਮੈਡੀਕਲ ਕਾਲਜ, ਡਾ. ਨਵਦੀਪ ਸਿੰਘ ਸਿਵਲ ਸਰਜਨ, ਡਾ. ਮਦਨ ਮੋਹਨ ਵੀ ਹਾਜਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਕਿਹਾ ਜ਼ਿਲ੍ਹੇ 'ਚ ਜਿਹੜਾ ਵੀ ਕੋਈ ਪਾਜ਼ੇਟਿਵ ਕੇਸ ਆਉਂਦਾ ਹੈ ਤਾਂ ਉਸ ਦੇ ਘਰ ਵਾਲਿਆਂ ਤੋ ਇਲਾਵਾ ਜਿਥੇ ਜਿਥੇ ਵੀ ਉਹ ਵਿਅਕਤੀ ਗਿਆ ਹੋਵੇ ਤੇ ਉਸ ਦੇ ਸੰਪਰਕ 'ਚ ਆਉਣ ਵਾਲਿਆਂ ਦੇ ਵੀ ਟੈਸਟ ਕੀਤੇ ਜਾਣ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਸੈਂਪਲਾਂ ਦੀ ਗਿਣਤੀ ਵਧਾਈ ਜਾਵੇ ਤੇ ਲੋਕਾਂ ਨੂੰ ਵੀ ਆਪਣਾ ਟੈਸਟ ਕਰਵਾਉਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਰੈਂਡਮ ਟੈਸਟਿੰਗ ਤੇ ਜ਼ੋਰ ਦਿੰਦਿਆ ਕਿਹਾ ਜਿਸ ਖੇਤਰ 'ਚ ਕੋਈ ਵਿਅਕਤੀ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਖੇਤਰ ਵਿਚ ਰੈਂਡਮ ਟੈਸਟਿੰਗ ਜ਼ਰੂਰ ਕੀਤੀ ਜਾਵੇ। ਸੋਨੀ ਨੇ ਸਿਵਲ ਸਰਜਨ ਤੇ ਮੈਡੀਕਲ ਕਾਲਜ ਪਿ੍ਰੰਸੀਪਲ ਕਿਹਾ ਆਪਸੀ ਤਾਲਮੇਲ ਬਣਾ ਕੇ ਰੱਖਿਆ ਜਾਵੇ ਤਾਂ ਜੋ ਟੈਸਟ ਕਰਵਾਉਣ ਵਾਲੇ ਵਿਅਕਤੀਆਂ ਦੀ ਰਿਪੋਰਟ ਸਮੇਂ ਸਿਰ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਟੈਸਟਿੰਗ ਦੀ ਸਮਰੱਥਾ 'ਚ ਵਾਧਾ ਹੋਣ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਕਿਹਾ ਘਬਰਾਉਣ ਦੀ ਲੋੜ ਨਹੀਂ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ 755 ਮਰੀਜ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਸੋਨੀ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ 'ਚ ਫਾਇਰ ਬਿ੍ਗੇਡ ਗੱਡੀਆਂ ਰਾਹੀਂ ਸਾਰੇ ਸ਼ਹਿਰ ਨੂੰ ਤੇ ਸਰਕਾਰੀ ਹਸਪਤਾਲਾਂ ਤੇ ਪ੍ਰਰਾਈਵੇਟ ਹਸਪਤਾਲਾਂ ਨੂੰ ਵੀ ਸੈਨੇਟਾਈਜ਼ ਕੀਤਾ ਜਾਵੇ। ਸੋਨੀ ਨੇ ਕਿਹਾ ਬਰਸਾਤ ਦਾ ਮੌਸਮ ਵੀ ਸ਼ੁਰੂ ਹੋ ਚੁੱਕਾ ਹੈ ਇਸ ਲਈ ਸ਼ਹਿਰ ਦੀਆਂ ਸਾਰੀਆਂ ਵਾਰਡਾਂ 'ਚ ਫਾਗਿੰਗ ਵੀ ਕਰਵਾਈ ਜਾਵੇ ਤਾਂ ਜੋ ਡੇਂਗੂ ਦੇ ਡੰਗ ਤੋਂ ਬੱਚਿਆਂ ਜਾ ਸਕੇ। ਸੋਨੀ ਨੇ ਦੱਸਿਆ ਹੁਣ ਤੱਕ ਪੰਜਾਬ 'ਚ 3.65 ਲੱਖ ਦੇ ਕਰੀਬ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿੰਨ੍ਹਾਂ 'ਚੋਂ 6625 ਲੋਕਾਂ ਦੇ ਟੈਸਟ ਪਾਜ਼ੇਟਿਵ ਪਾਏ ਗਏ ਹਨ ਤੇ 78 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਨੀ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਤੁਲੀ ਲੈਬ ਦੀ ਜਾਂਚ ਲਈ ਸਿਟ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਲੰਧਰ, ਲੁਧਿਆਣਾ ਤੇ ਮੁਹਾਲੀ ਵਿਖੇ ਕੋਰੋਨਾ ਦੇ ਟੈਸਟ ਲਈ ਨਵੀਆਂ ਲੈਬਾਂ ਲਾਈਆਂ ਜਾ ਰਹੀਆਂ ਹਨ ਜਿਸ ਨਾਲ ਪੰਜਾਬ ਵਿੱਚੋਂ ਰੋਜਾਨਾ 20,000 ਲੋਕਾਂ ਦੇ ਟੈਸਟ ਹੋ ਸਕਣਗੇ। ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜਰੂਰ ਕਰਨ ਤੇ ਸਮਾਜਿਕ ਨਿਯਮਾਂ ਦੀ ਪਾਲਣਾ, ਜਨਤਕ ਥਾਵਾਂ ਤੇ ਥੁੱਕਣ ਤੋਂ ਪਰਹੇਜ ਕਰਨ।