ਮਨਿੰਦਰ ਸਿੰਘ ਗੋਰੀ, ਅੰਮਿ੍ਤਸਰ : ਆਰਟੀਏ ਅੰਮਿ੍ਤਸਰ ਜੋਤੀ ਬਾਲਾ ਨੇ ਸੋਮਵਾਰ 2 ਵਜੇ ਦੇ ਕਰੀਬ ਆਪਣਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਜੋਤੀ ਬਾਲਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਘਰ ਵਿਖੇ ਕੀਰਤਨ ਸਰਵਨ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਸ਼ੁਕਰਾਨਾ ਕੀਤਾ। ਆਰਟੀਏ ਜੋਤੀ ਬਾਲਾ ਨੂੰ ਸੂਚਨਾ ਕੇਂਦਰ ਵਿਖੇ ਅੰਮਿ੍ਤਪਾਲ ਸਿੰਘ, ਸਰਬਜੀਤ ਸਿੰਘ ਆਦਿ ਸੂਚਨਾ ਅਧਿਕਾਰੀਆਂ ਵਲੋਂ ਧਾਰਮਿਕ ਤਸਵੀਰ, ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਨ੍ਹਾਂ ਰਾਮਤੀਰਥ ਰੋਡ ਸਥਿਤ ਆਰਟੀਏ ਦਫਤਰ ਵਿਖੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਨਗਰੀ ਅੰਮਿ੍ਤਸਰ ਪੁੱਜਣ ਦੀ ਬਹੁਤ ਖੁਸ਼ੀ ਹੈ।

ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦਸੂਹਾ ਵਿਖੇ ਐੱਸਡੀਐੱਮ ਸਨ। ਹੁਣ ਉਹ ਪ੍ਰਮੋਟ ਹੋ ਕੇ ਆਰਟੀਏ ਅੰਮਿ੍ਤਸਰ ਆਏ ਹਨ, ਅੱਜ ਉਨ੍ਹਾਂ ਦਾ ਪਹਿਲਾ ਦਿਨ ਹੈ ਤੇ ਉਨ੍ਹਾਂ ਸਟਾਫ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਜਦੋਂ ਨਵਾਂ ਆਰਟੀਏ ਅਹੁਦਾ ਸੰਭਾਲਦਾ ਹੈ ਤਾਂ ਦਫਤਰ 'ਚ ਬਦਲਾਅ ਜਰੂਰ ਹੁੰਦਾ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਸਾਰੇ ਦਫਤਰ ਦਾ ਜਾਇਜ਼ਾ ਲੈਣਗੇ ਫਿਰ ਕੁਝ ਲੱਗੇਗਾ ਤਾਂ ਹੀ ਦੱਸ ਸਕਦੇ ਹਨ। ਉਨ੍ਹਾਂ ਨਾਲ ਜਦੋਂ ਲਾਇਸੈਂਸਾਂ ਦੇ ਸਲੋਟ ਸੀਮਤ ਹੋਣ ਦੀ ਗੱਲ ਕੀਤੀ ਗਈ ਕਿ ਲਾਇਸੰਸ ਦਾ ਚਲਾਨ 5000 ਹਜ਼ਾਰ ਰੁਪਏ ਹੈ ਤੇ ਇਸ ਸਮੇਂ ਲਾਇਸੰਸ ਵੀ ਘੱਟ ਬਣ ਰਹੇ ਹਨ ਜਿਸ ਕਾਰਨ ਲੋਕਾਂ ਦੇ ਲਾਇਸੈਂਸਾਂ ਦੇ ਚਲਾਨ ਵੀ ਜਿਆਦਾ ਹੋ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਰਕਾਰ ਨੇ ਆਦੇਸ਼ ਜਾਰੀ ਕੀਤੇ ਸਨ ਜਿਸ ਕਾਰਨ ਪੰਜਾਬ ਵਿਚ ਸਲੋਟ ਸੀਮਤ ਹਨ।

-- ਚਲਾਨ ਭਰਨ ਵਾਲੇ ਲੋਕ ਨਹੀਂ ਰੱਖ ਰਹੇ ਸੋਸ਼ਲ ਡਿਸਟੈਂਸ

ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਆਦੇਸ਼ ਜਾਰੀ ਕੀਤੇ ਹਨ ਕਿ ਸਰਕਾਰੀ ਦਫਤਰਾਂ 'ਚ ਸੋਸ਼ਲ ਡਿਸਟੈਂਸ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਰਾਹਤ ਦਿਵਾਈ ਜਾ ਸਕੇ ਪਰ ਆਰਟੀਏ ਦਫਤਰ ਵਿਖੇ ਚਲਾਨ ਭਰਨ ਵਾਲੇ ਲੋਕਾਂ ਨੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ। ਲੋਕ ਇਸ ਤਰ੍ਹਾਂ ਲਾਈਨਾਂ 'ਚ ਬੇਖੌਫ ਹੋ ਕੇ ਚਲਾਨ ਭਰ ਰਹੇ ਸਨ।

-- ਸੋਸ਼ਲ ਡਿਸਟੈਂਸ ਲਈ ਲੋਕ ਕਰਨ ਸਹਿਯੋਗ : ਜੋਤੀ ਬਾਲਾ

ਨਵ ਨਿਯੁਕਤ ਆਰਟੀਏ ਜੋਤੀ ਬਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨ ਤੇ ਆਰਟੀਏ ਦਫਤਰ ਵਿਖੇ ਕੋਈ ਵੀ ਕੰਮ ਕਰਵਾਉਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਚਾਹੀਦਾ, ਮਾਸਕ ਪਹਿਨਣਾ ਚਾਹੀਦਾ, ਸੈਨੇਟਾਈਜਰ ਦੀ ਵਰਤੋਂ ਕਰਨ ਤਾਂ ਹੀ ਇਸ ਭਿਆਨਕ ਬਿਮਾਰੀ ਨੂੰ ਮਾਤ ਦਿੱਤੀ ਜਾ ਸਕਦੀ ਹੈ।