ਜੇਐੱਨਐੱਨ, ਅੰਮਿ੍ਤਸਰ : ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਸਾਰੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਕੇ ਸਾਰੇ ਵਿਕਾਸ ਕੰਮ ਸਮੇਂ 'ਤੇ ਪੂਰੇ ਕਰਵਾਉਣ ਸਬੰਧੀ ਸਖਤੀ ਆਦੇਸ਼ ਜਾਰੀ ਕੀਤੇ। ਨਾਲ ਹੀ ਠੇਕੇਦਾਰਾਂ ਨੂੰ ਹਦਾਇਤਾਂ ਦਿੱਤੀ ਗਈ ਕਿ ਜੇਕਰ ਟੈਂਡਰ 'ਚ 25 ਫ਼ੀਸਦੀ ਤੋਂ ਜਿਆਦਾ ਹੇਠਾਂ ਬੋਲੀ ਦੇਵੇਗਾ ਤਾਂ ਉਸ ਨੂੰ ਦੁੱਗਣੀ ਸਕਿਓਰਿਟੀ ਭਰਨੀ ਪਵੇਗੀ, ਜਿਸ ਕਿਸੇ ਠੇਕੇਦਾਰ ਨੂੰ ਜੋ ਵੀ ਕੰਮ ਮਿਲੇਗਾ। ਉਸ ਤੈਅ ਕੀਤੇ ਗਏ ਸਮੇਂ ਮਿਆਦ 'ਚ ਹੀ ਖਤਮ ਕਰਨਾ ਹੋਵੇਗਾ। ਪੁਨੀਤ ਸ਼ਰਮਾ ਐਂਡ ਕੰਪਨੀ ਨੂੰ ਸਮੇਂ 'ਤੇ ਕੰਮ ਖ਼ਤਮ ਨਾ ਕਰਨ 'ਤੇ ਤਿੰਨ ਮਹੀਨੇ ਲਈ ਡੀ-ਬਾਰ ਕਰ ਦਿੱਤਾ ਗਿਆ। ਹੁਣ ਇਹ ਕੰਪਨੀ ਅਗਲੇ ਤਿੰਨ ਮਹੀਨਿਆਂ ਤੱਕ ਕਿਸੇ ਵੀ ਟੈਂਡਰ 'ਚ ਹਿੱਸਾ ਨਹੀਂ ਲੈ ਸਕੇਗੀ।

ਬੱਸੀ ਨੇ ਦੱਸਿਆ ਕੁੱਝ ਸਮੇਂ ਤੋਂ ਉਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਹਲਕਿਆਂ ਤੋਂ ਸ਼ਿਕਾਇਤ ਆ ਰਹੀ ਸੀ ਕਿ ਠੇਕੇਦਾਰ ਟੈਂਡਰ ਪਾਉਣ ਲਈ 40 ਫ਼ੀਸਦੀ ਤੋਂ ਹੇਠਾਂ ਤੱਕ ਬੋਲੀ ਦੇ ਦਿੰਦੇ ਹਨ, ਜਿਸ ਦੇ ਨਾਲ ਵਿਕਾਸ ਕਾਰਜ ਦੀ ਕੁਆਲਿਟੀ ਸ਼ੱਕ ਦੇ ਘੇਰੇ 'ਚ ਰਹਿੰਦੀ ਹੈ। ਹਲਕੇ ਦੇ ਵਿਧਾਇਕਾਂ ਨੂੰ ਵੀ ਇਸ 'ਤੇ ਇਤਰਾਜ ਹੈ। ਇਸ ਲਈ ਹੁਣ ਤੋਂ ਜੋ ਵੀ ਠੇਕੇਦਾਰ ਟੈਂਡਰ 25 ਫ਼ੀਸਦੀ ਤੋਂ ਜਿਆਦਾ ਹੇਠਾਂ ਬੋਲੀ ਦੇਵੇਗਾ, ਉਸ ਨੂੰ ਡਬਲ ਸਕਿਓਰਿਟੀ ਜਮ੍ਹਾ ਕਰਨੀ ਹੋਵੇਗੀ ਤੇ ਕਾਰਜ ਦਾ ਜੋ ਅੰਤਿਮ ਸਮਾਂ ਨਿਸ਼ਚਿਤ ਕੀਤਾ ਜਾਵੇਗਾ, ਉਸ ਸਮੇਂ 'ਤੇ ਹੀ ਕਾਰਜ ਕਰਨਾ ਪਵੇਗਾ। ਉਨ੍ਹਾਂ ਕਿਹਾ ਵਿਕਾਸ ਕੰਮਾਂ ਵਿਚ ਜੇਕਰ ਕੋਈ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਜਿੰਮੇਵਾਰੀ ਟਰੱਸਟ ਦੇ ਸਬੰਧਤ ਅਧਿਕਾਰੀ 'ਤੇ ਜਾਵੇਗੀ।

ਇਸ ਦੇ ਇਲਾਵਾ ਬੱਸੀ ਨੇ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਦੇ ਚੱਲ ਰਹੇ ਸ਼ਹਿਰ 'ਚ ਕੰਮਾਂ ਜਿਨ੍ਹਾਂ 'ਚ ਸਰਦਾਰ ਰਮਿੰਦਰ ਸਿੰਘ ਬੁਲਾਰੀਆ ਪਾਰਕ 'ਚ ਬਣ ਰਹੇ ਸਪੋਰਟਸ ਸਟੇਡੀਅਮ, ਵੇਰਕਾ ਸੰਤ ਨਗਰ, ਜੋੜਾ ਫਾਟਕ ਤੇ ਗੁਮਟਾਲਾ ਇਲਾਕੇ 'ਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।