ਜੇਐੱਨਐੱਨ, ਅੰਮਿ੍ਤਸਰ : ਢਪਈ ਪਿੰਡ ਵਿਚ ਤੇਜ ਮੀਂਹ ਤੇ ਹਨ੍ਹੇਰੀ ਦੌਰਾਨ ਹੋਈ ਜਵਾਨ ਪੁੱਤਰ ਰਵਿੰਦਰ ਸਿੰਘ ਤੇ ਨੂੰਹ ਹਰਪ੍ਰਰੀਤ ਕੌਰ ਦੀ ਮੌਤ ਦੇ ਬਾਅਦ ਮਾਂ ਬਲਬੀਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਕ ਸਾਲ ਪਹਿਲਾਂ ਦੀ ਪੁੱਤਰ ਦੇ ਵਿਆਹ ਬਾਅਦ ਉਹ ਘਰ 'ਚ ਬੱਚੇ ਦੀਆਂ ਕਿਲਕਾਰੀਆਂ ਦੇ ਸੁਪਨੇ ਦੇਖ ਰਹੀ ਸੀ। ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਸ਼ਨਿੱਚਰਵਾਰ ਰਾਤ ਨੂੰ ਉਸ ਦੇ ਘਰ ਵਿਚ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਐਤਵਾਰ ਸਵੇਰੇ ਜਦੋਂ ਲੋਕ ਬਲਬੀਰ ਕੌਰ ਤੇ ਉਸ ਦੇ ਪਤੀ ਅਮਰਜੀਤ ਸਿੰਘ ਦੇ ਘਰ ਪੁੱਜੇ ਤਾਂ ਉਨ੍ਹਾਂ ਦੇ ਮੁੰਹ ਤੋਂ ਇਹੀ ਨਿਕਲ ਰਿਹਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਪਾਲਣ ਵਾਲਾ ਰਵਿੰਦਰ ਸਿੰਘ ਹਮੇਸ਼ਾਂ ਲਈ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ। ਹੁਣ ਘਰ ਕਿਵੇਂ ਚੱਲੇਗਾ। ਛੋਟੀ ਭੈਣ ਦੇ ਕੁੱਝ ਦੇਰ ਬਾਅਦ ਹੱਥ ਪੀਲੇ ਕਰਨੇ ਹਨ। ਉਹ ਕੌਣ ਕਰੇਗਾ। ਬਜੁਰਗ ਪਿਤਾ ਅਮਰਜੀਤ ਸਿੰਘ ਵੀ ਵੱਧ ਰਹੀ ਉਮਰ ਦੇ ਨਾਲ- ਨਾਲ ਓਨਾ ਹੀ ਕੰਮ ਕਰਦੇ ਹਨ। ਰਵਿੰਦਰ ਸਿੰਘ ਦੇ ਮੋਿਢਆਂ 'ਤੇ ਛੋਟੇ ਭਰਾ ਨੂੰ ਰੁਜ਼ਗਾਰ ਦਵਾਉਣ ਦਾ ਵੀ ਜਿੰਮਾ ਸੀ। ਪਰ ਹੁਣ ਘਰ ਵਿਚ ਹੋਈ ਤ੍ਰਾਸਦੀ ਬਾਅਦ ਮਨਦੀਪ ਨੂੰ ਨੌਕਰੀ ਕੌਣ ਦਿਵਾਏਗਾ। ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਬੁਢਾਪੇ 'ਚ ਜਵਾਨ ਪੁੱਤਰ ਤੇ ਨੂੰਹ ਦੀ ਅਰਥੀ ਮੋਿਢਆਂ 'ਤੇ ਚੁੱਕਣੀ ਪਵੇਗੀ।

-- ਦੋ ਲੱਖ ਦੇਣ ਦਾ ਐਲਾਨ

ਘਟਨਾ ਦੇ ਬਾਰੇ ਪਤਾ ਚੱਲਦੇ ਹੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਢਪਈ ਪਿੰਡ ਵਿਚ ਪੀੜਤ ਪਰਿਵਾਰ ਦਾ ਹਾਲ ਜਾਣਨ ਪਹੁੰਚ ਗਏ। ਡਾ. ਵੇਰਕਾ ਨੇ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਵੀਹ ਹਜ਼ਾਰ ਰੁਪਏ ਆਪਣੇ ਕੋਲੋਂ ਮਾਲੀ ਮਦਦ ਵੀ ਦਿੱਤੀ। ਇਹ ਵੀ ਕਿਹਾ ਕਿ ਛੇਤੀ ਉਨ੍ਹਾਂ ਦਾ ਮਕਾਨ ਬਣਵਾਇਆ ਜਾਵੇਗਾ। ਡਾ. ਵੇਰਕਾ ਨੇ ਉਕਤ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ।