ਜੇਐੱਨਐੱਨ, ਅੰਮਿ੍ਤਸਰ : ਸ਼ਨਿੱਚਰਵਾਰ ਦੇਰ ਰਾਤ ਆਈ ਹਨੇਰੀ ਤੇ ਮੀਂਹ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਾਰੀ ਰਾਤ ਬਿਜਲੀ ਗੁੱਲ ਰਹਿਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਿਜਲੀ ਬੰਦ ਹੋਣ 'ਤੇ ਸ਼ਹਿਰ ਵਾਸੀਆਂ ਨੇ ਸ਼ਿਕਾਇਤ ਕੇਂਦਰਾਂ ਸਮੇਤ ਸਹਿਤ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਸੰਪਰਕ ਕਰਨਾ ਚਾਹਿਆ ਪਰ ਕੋਈ ਸੁਣਵਾਈ ਨਾ ਹੋਣ ਉੱਤੇ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਾਤ ਬਤੀਤ ਕਰਨੀ ਪਈ। ਰਾਤ ਗਿਆਰਾਂ ਵਜੇ ਦੇ ਕਰੀਬ ਆਈ ਹਨੇਰੀ ਤੇ ਮੀਂਹ ਕਾਰਨ ਬਾਰਡਰ ਜ਼ੋਨ ਵਿਚ ਕਰੀਬ ਨੌਂ ਦਰਜਨ ਦੇ ਕਰੀਬ ਘਰੇਲੂ ਤੇ ਐਗਰੀਕਲਚਰ ਪਾਵਰ ਸਪਲਾਈ (ਏਪੀਏਸ) ਫੀਡਰ ਪ੍ਰਭਾਵਤ ਹੋਏ, ਜਦਕਿ ਟਰਾਂਸਫਾਰਮਰ ਡਿੱਗਣ ਦੇ ਨਾਲ-ਨਾਲ ਦਰਜਨਾਂ ਬਿਜਲੀ ਦੇ ਖੰਭੇ ਵੀ ਡਿੱਗ ਪਏ ਤੇ ਤਾਰਾਂ ਨੂੰ ਵੀ ਨੁਕਸਾਨ ਪੁੱਜਾ। ਬਿਜਲੀ ਸਪਲਾਈ ਮੁੜ ਬਹਾਲ ਕਰਵਾਉਣ ਲਈ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਐਤਵਾਰ ਸਾਰਾ ਦਿਨ ਜੱਦੋ-ਜਹਿਦ ਕਰਨੀ ਪਈ ਤੇ ਦੇਰ ਸ਼ਾਮ ਤਕ ਵੀ ਕਈ ਫੀਡਰਾਂ ਦੀ ਸਪਲਾਈ ਚਾਲੂ ਨਹੀਂ ਹੋ ਸਕੀ ਸੀ।

--ਰਣਜੀਤ ਐਵੇਨਿਊ 'ਚ 10-12 ਘੰਟੇ ਬਿਜਲੀ ਰਹੀ ਬੰਦ

ਸਿਟੀ ਸਰਕਲ ਦੇ ਨਾਲ-ਨਾਲ ਸਬ-ਅਰਬਨ ਸਰਕਲ ਦੇ ਵੱਖਰੇ ਹਿੱਸਿਆਂ ਵਿਚ ਬਿਜਲੀ ਦੀ ਸਪਲਾਈ ਰਾਤ ਨੂੰ ਹਨੇਰੀ ਤੇ ਮੀਂਹ ਕਾਰਨ ਪ੍ਰਭਾਵਤ ਹੋਈ, ਜਿਸ ਵਿਚ ਰਣਜੀਤ ਐਵੇਨਿਊ ਸਮੇਤ ਮਜੀਠਾ ਰੋਡ, ਬਟਾਲਾ ਰੋਡ, ਫਤਿਹਗੜ੍ਹ ਚੂੜੀਆਂ ਰੋਡ, ਜੀਟੀ ਰੋਡ, ਰਾਮ ਤੀਰਥ ਰੋਡ, ਝਬਾਲ ਰੋਡ, ਸੁਲਤਾਨਵਿੰਡ ਰੋਡ ਆਦਿ ਦੇ ਨਾਲ-ਨਾਲ ਛੇਹਰਟਾ, ਰਾਮ ਬਾਗ਼, ਹਕੀਮਾਂ ਗੇਟ, ਇਸਲਾਮਾਬਾਦ, ਕੋਟ ਖਾਲਸਾ ਤੇ ਵਿਜੈ ਨਗਰ ਆਦਿ ਇਲਾਕਿਆਂ ਵਿਚ ਬਿਜਲੀ ਕਈ ਘੰਟੇ ਬੰਦ ਰਹੀ। ਰਣਜੀਤ ਐਵੇਨਿਊ ਵਾਸੀ ਕਰਨ ਕੁਮਾਰ ਤੇ ਹਰਜੀਤ ਸਿੰਘ ਨੇ ਦੱਸਿਆ ਹਨੇਰੀ ਤੇ ਮੀਂਹ ਕਾਰਨ ਪਹਿਲਾਂ 7.30 ਵਜੇ ਉਨ੍ਹਾਂ ਦੇ ਇਲਾਕੇ 'ਚ ਬਿਜਲੀ ਅਚਾਨਕ ਬੰਦ ਹੋ ਗਈ, ਜੋ ਰਾਤ ਨੂੰ 9.45 'ਤੇ ਆ ਗਈ ਸੀ। 11 ਵਜੇ ਦੇ ਕਰੀਬ ਬਿਜਲੀ ਦੁਬਾਰਾ ਗੁੱਲ ਹੋਣ 'ਤੇ ਐਤਵਾਰ ਨੂੰ ਬਾਅਦ ਦੁਪਹਿਰ 12 ਵਜੇ ਦੇ ਕਰੀਬ ਆਉਣ ਤੋਂ ਬਾਅਦ ਸ਼ਾਮ ਨੂੰ 4 ਵਜੇ ਫਿਰ ਚਲੀ ਗਈ, ਜੋਕਿ 5 ਵਜੇ ਆਈ। ਇਸੇ ਤਰ੍ਹਾਂ ਸ਼ਹਿਰ ਦੇ ਅੰਦਰੂਨ ਹਿੱਸੇ ਬੰਬੇ ਵਾਲਾ ਖੂਹ ਵਿਚ ਰਾਤ 11 ਵਜੇ ਬਿਜਲੀ ਬੰਦ ਹੋਈ, ਜੋਕਿ ਸਵੇਰੇ ਇਲਾਕੇ ਦੇ ਪਾਸੇ ਸਵੇਰੇ ਅੱਠ ਵਜੇ ਆਈ ਤੇ ਦੂਜੇ ਪਾਸੇ ਦੀ ਬਾਅਦ ਦੁਪਹਿਰ ਦੋ ਵਜੇ ਆਈ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਬਿਜਲੀ ਆਉਣ ਤੇ ਜਾਣ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਈ, ਜਦੋਂ ਕਿ ਤਾਪਮਾਨ ਘੱਟ ਹੋਣ ਕਾਰਨ ਲੋਕਾਂ ਨੂੰ ਰਾਹਤ ਵੀ ਮਿਲੀ।

-- ਨੁਕਸਾਨ ਦਾ ਲਿਆ ਜਾ ਰਿਹਾ ਜਾਇਜ਼ਾ : ਸੈਣੀ

ਬਾਰਡਰ ਜ਼ੋਨ ਦੇ ਚੀਫ ਇੰਜੀਨੀਅਰ ਪ੍ਰਦੀਪ ਕੁਮਾਰ ਸੈਣੀ ਅਨੁਸਾਰ ਹਨੇਰੀ ਤੇ ਮੀਂਹ ਕਾਰਨ ਕੁਝ ਖਾਸ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਬਾਰਡਰ ਜ਼ੋਨ ਵਿਚ 100 ਦੇ ਕਰੀਬ ਫੀਡਰਾਂ ਦੀ ਸਪਲਾਈ ਪ੍ਰਭਾਵਤ ਹੋਈ ਸੀ, ਜੋਕਿ ਦੇਰ ਸ਼ਾਮ ਘਰੇਲੂ ਫੀਡਰਾਂ ਨੂੰ ਪਹਿਲ ਦੇ ਆਧਾਰ ਉੱਤੇ ਚਾਲੂ ਕਰਵਾ ਦਿੱਤਾ ਗਿਆ ਸੀ। ਰਣਜੀਤ ਐਵੇਨਿਊ 'ਚ ਜ਼ਿਆਦਾ ਦੇਰ ਬਿਜਲੀ ਬੰਦ ਰਹਿਣ ਪਿੱਛੇ ਕੇਬਲ ਬਕਸਾ ਭਰਨ ਤੇ ਕੇਬਲ ਨੂੰ ਦੁਬਾਰਾ ਉਪਰ ਟੰਗਣ ਵਿਚ ਵਾਧੂ ਸਮਾਂ ਲੱਗਾ। ਉਨ੍ਹਾਂ ਕਿਹਾ ਬਾਰਡਰ ਜ਼ੋਨ ਵਿਚ ਹਨੇਰੀ ਅਤੇ ਮੀਂਹ ਨਾਲ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਹੀ ਵਿਭਾਗ ਨੂੰ ਹੋਏ ਨੁਕਸਾਨ ਦਾ ਪਤਾ ਲੱਗ ਸਕੇਗਾ।