ਨਿਤਿਨ ਧੀਮਾਨ, ਅੰਮਿ੍ਤਸਰ : ਅਦਿ੍ਸ਼ ਕੋਰੋਨਾ ਵਾਇਰਸ ਨਾਲ ਸਿੱਧੀ ਟੱਕਰ ਲੈ ਰਹੇ ਸਿਹਤ ਵਿਭਾਗ ਦੇ ਹੇਠਲੇ ਪੱਧਰ ਦਾ ਸਟਾਫ ਲਾਪਰਵਾਹ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਜਾਗਰੂਕਤਾ ਦਾ ਢੋਲ ਤਾਂ ਅੰਮਿ੍ਤਸਰ 'ਚ ਖੂਬ ਖੜਕਾਇਆ ਜਾ ਰਿਹਾ ਹੈ ਪਰ ਸਟਾਫ ਦੀ ਛੋਟੀ ਜਿਹੀ ਲਾਪਰਵਾਹੀ ਇਸ ਵਾਇਰਸ ਦੇ ਪ੍ਰਸਾਰ ਵਿਚ ਸਹਾਈ ਸਿੱਧ ਹੋ ਸਕਦੀ ਹੈ। ਦਰਅਸਲ, ਸਿਹਤ ਵਿਭਾਗ ਵਲੋਂ ਕੋਰੋਨਾ ਮਰੀਜ਼ਾਂ ਦੀ ਭਾਲ ਲਈ ਅੰਮਿ੍ਤਸਰ 'ਚ ਮੋਬਾਈਲ ਟੈਸਟਿੰਗ ਵੈਨ ਦੀ ਸ਼ੁਰੂਆਤ ਕੀਤੀ ਹੈ। ਇਸ ਵੈਨ 'ਚ ਕੋਵਿਡ-19 ਦੇ ਸੈਂਪਲ ਕਲੈਕਟ ਕੀਤੇ ਜਾ ਰਹੇ ਹਨ। ਸੈਂਪਲ ਕਲੈਕਟ ਕਰਨ ਲਈ ਡੈਂਟਲ ਡਾਕਟਰਸ ਦੇ ਨਾਲ-ਨਾਲ ਸਾਥੀ ਸਟਾਫ ਨੂੰ ਲਾਇਆ ਗਿਆ ਹੈ। ਇਹ ਡਾਕਟਰ ਘਰ-ਘਰ ਦਸਤਕ ਦੇ ਕੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣਾ ਕੋਵਿਡ-19 ਟੈਸਟ ਕਰਵਾਉਣ। ਰੋਜ਼ਾਨਾ 25 ਤੋਂ 30 ਸੈਂਪਲ ਕਲੈਕਟ ਕਰਨ ਦੇ ਬਾਅਦ ਵੈਨ ਦਾ ਸਟਾਫ ਆਪਣੀ ਪੀਪੀਈ ਕਿਟਸ, ਦਸਤਾਨੇ ਤੇ ਮਾਸਕ ਵੈਨ 'ਚ ਹੀ ਸੁੱਟ ਕੇ ਚੱਲਦਾ ਬਣਦਾ ਹੈ। ਇਸ ਤਸਵੀਰ 'ਚ ਸਾਫ਼ ਹੈ ਕਿ ਮੋਬਾਈਲ ਵੈਨ ਦਾ ਸਟਾਫ ਕੋਰੋਨਾ ਦਾ ਪ੍ਰਸਾਰ ਕਿਸ ਤਰ੍ਹਾਂ ਕਰ ਸਕਦਾ ਹੈ। ਸੈਂਪਲ ਕਲੈਕਸ਼ਨ ਦੇ ਬਾਅਦ ਪੀਪੀਈ ਕਿੱਟ ਵੈਨ 'ਚ ਹੀ ਸੁੱਟਿਆ ਗਿਆ। ਵੈਨ ਸਿਵਲ ਹਸਪਤਾਲ ਪਹੁੰਚ ਗਈ, ਪਰ ਕਿਸੇ ਨੇ ਇਸ ਕਿਟਸ ਨੂੰ ਬਾਇਓ ਮੈਡੀਕਲ ਵੇਸਟ 'ਚ ਨਸ਼ਟ ਕਰਨ ਦੀ ਜਹਿਮਤ ਨਹੀਂ ਚੁੱਕੀ। ਪੀਪੀਈ ਕਿਟਸ ਤੋਂ ਇਨਫੈਕਸ਼ਨ ਹੋ ਸਕਦਾ ਹੈ। ਅਸਲ 'ਚ ਕਿੱਟ ਪਾ ਕੇ ਕੋਰੋਨਾ ਤੋਂ ਆਪਣੀ ਸੁਰੱਖਿਆ ਕਰਨ ਵਾਲਾ ਵੈਨ ਦਾ ਸਟਾਫ ਲੋਕਾਂ ਦੇ ਸੈਂਪਲ ਕਲੈਕਟ ਕਰਦਾ ਹੈ। ਸੈਂਪਲ ਕਲੈਕਸ਼ਨ ਦੇ ਦੌਰਾਨ ਜੇਕਰ ਕੋਈ ਪਾਜ਼ੇਟਿਵ ਵਿਅਕਤੀ ਸਟਾਫ ਦੇ ਸੰਪਰਕ ਵਿਚ ਆਏ ਤਾਂ ਨਿਸ਼ਚਿਤ ਹੀ ਪੀਪੀਈ ਕਿਟਸ 'ਚ ਵਾਇਰਸ ਚਿਪਕ ਜਾਵੇਗਾ। ਇਸ ਵਿਚ ਇਹ ਵਾਇਰਸ ਛੇ ਤੋਂ ਅੱਠ ਘੰਟੇ ਜਿੰਦਾ ਰਹਿ ਸਕਦਾ ਹੈ। ਇੱਥੇ ਬੱਸ ਨਹੀਂ, ਮੋਬਾਇਲ ਵੈਨ 'ਚ ਵੀ ਕੋਰੋਨਾ ਵੜ ਸਕਦਾ ਹੈ। ਅਗਲੇ ਦਿਨ ਜਦੋਂ ਇਹ ਮੋਬਾਇਲ ਵੈਨ ਸੈਂਪਲਿੰਗ ਲਈ ਭੇਜੀ ਜਾਵੇਗੀ ਤਾਂ ਇਸ ਵਿਚ ਸੈਂਪਲ ਦੇਣ ਆਏ ਲੋਕ ਵਾਇਰਸ ਦੀ ਲਪੇਟ 'ਚ ਆ ਸਕਦੇ ਹਨ।

-- ਵੀਟੀਐੱਮ ਵਾਇਲ ਵੀ ਆਈਸਬਾਕਸ 'ਚ ਨਹੀਂ ਰੱਖਦਾ ਸਟਾਫ

ਮੋਬਾਇਲ ਟੈਸਟਿੰਗ ਵੈਨ 'ਚ ਵੀਟੀਐੱਮ ਵਾਇਲ ਵੀ ਲਾਪਰਵਾਹੀ ਨਾਲ ਰੱਖ ਦਿੱਤੀ ਜਾਂਦੀਆਂ ਹਨ, ਕਈ ਵੀਟੀਐੱਮ ਵਾਇਲ ਲੀਕ ਹੋ ਜਾਂਦੀ ਹੈ। ਇਸ ਵਾਇਲ 'ਚ ਸੈਂਪਲ ਰੱਖਿਆ ਜਾਂਦਾ ਹੈ। ਬਿਨਾਂ ਸ਼ੱਕ, ਸਟਾਫ ਦੀ ਇਹ ਲਾਪਰਵਾਹੀ ਕੋਰੋਨਾ ਨੂੰ ਹੋਰ ਫੈਲਾਉਣ 'ਚ ਮਦਦਗਾਰ ਸਾਬਤ ਹੋ ਰਹੀ ਹੈ। ਉਂਜ ਵੀ ਗੁਰੂ ਨਗਰੀ 'ਚ ਕੋਰੋਨਾ ਦਾ ਕਹਿਰ ਸਭ ਤੋਂ ਜਿਆਦਾ ਹੈ।

-- ਮੈਂ ਦੇਖਾਂਗਾ, ਕਿਸ ਪੱਧਰ 'ਤੇ ਹੋ ਰਹੀ ਹੈ ਲਾਪਰਵਾਹੀ : ਡਾ. ਅਮਰਜੀਤ

ਮੋਬਾਇਲ ਟੈਸਟਿੰਗ ਵੈਨ ਦੇ ਇੰਚਾਰਜ ਤੇ ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਕਿਸ ਪੱਧਰ 'ਤੇ ਲਾਪਰਵਾਹੀ ਹੋ ਰਹੀ ਹੈ, ਉਹ ਜਾਂਚ ਕਰਨਗੇ। ਉਂਜ ਸਟਾਫ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਪੀਪੀਈ ਕਿਟਸ ਲਿਫਾਫੇ ਵਿਚ ਪੈਕ ਕਰ ਸਿਵਲ ਹਸਪਤਾਲ ਪਹੁੰਚਾਉਣ, ਤਾਂ ਕਿ ਇਸਨੂੰ ਬਾਇਓ ਮੈਡੀਕਲ ਵੇਸਟ ਯੂਨਿਟ 'ਚ ਰਖਵਾਇਆ ਜਾ ਸਕੇ। ਇਹ ਨਿਰਦੇਸ਼ ਵੀ ਦਿੱਤਾ ਗਿਆ ਹੈ ਕਿ ਮੋਬਾਇਲ ਵੈਨ ਨੂੰ ਰੋਜਾਨਾ ਸੈਨੇਟਾਈਜ ਕੀਤਾ ਜਾਵੇ।