ਜੇਐੱਨਐੱਨ, ਅੰਮਿ੍ਤਸਰ : ਵੇਰਕਾ ਥਾਣੇ ਅਧੀਨ ਪੈਂਦੇ ਨਵੀਆਂ ਆਬਾਦੀ ਵਿਚ ਕੁੱਝ ਹਥਿਆਰਬੰਦ ਲੋਕਾਂ ਨੇ ਘਰ 'ਚ ਵੜ ਕੇ ਗੁੰਡਾਗਰਦੀ ਕੀਤੀ ਤੇ ਕੁੱਟਮਾਰ ਕਰ ਕੇ ਜਤਿੰਦਰ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ। ਮੁਲਜ਼ਮਾਂ ਨੇ ਘਰ ਬਾਹਰ ਹਥਿਆਰ ਲਹਿਰਾਏ ਤੇ ਫਿਰ ਘਰ ਦੇ ਗੇਟ 'ਤੇ ਲੋਹੇ ਦੇ ਰਾਡ ਨਾਲ ਕਈ ਵਾਰ ਕੀਤੇ। ਅੌਰਤਾਂ ਨੂੰ ਭੱਦੇ ਇਸ਼ਾਰੇੇ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਸਬ ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉਧਰ, ਪੁਲਿਸ ਨੇ ਜਤਿੰਦਰ ਸਿੰਘ ਦੇ ਬਿਆਨ 'ਤੇ ਵੇਰਕਾ ਵਾਸੀ ਲਵਪ੍ਰਰੀਤ ਸਿੰਘ ਉਰਫ ਲਵ, ਜੋਤੀ, ਸੁਰਜੀਤ ਸਿੰਘ, ਟੋਟੀ ਤੇ ਕੁੱਝ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ, ਉਹ ਆਪਣੇ ਦੋ ਪੁੱਤਰਾਂ ਤੇ ਨੂੰਹਾਂ ਨਾਲ ਰਹਿੰਦੀ ਹੈ। ਸੋਮਵਾਰ ਉਨ੍ਹਾਂ ਦਾ ਪੁੱਤਰ ਬੱਚੀ ਦੇ ਜਨਮ ਦਿਨ ਕਾਰਨ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਗਿਆ ਸੀ। ਇਲਾਕੇ 'ਚ ਰਹਿਣ ਵਾਲੇ ਲਵਪ੍ਰਰੀਤ ਸਿੰਘ ਤੇ ਉਸ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਪਰਿਵਾਰ ਨਾਲ ਪੁਰਾਣੀ ਰੰਜਿਸ਼ ਰੱਖਦੇ ਹਨ। ਸੋਮਵਾਰ ਮੁਲਜ਼ਮਾਂ ਨੇ ਉਨ੍ਹਾਂ ਦੇ ਪੁੱਤਰ ਜਤਿੰਦਰ ਸਿੰਘ ਦੀ ਕੁੱਟਮਾਰ ਕਰ ਦਿੱਤੀ। ਮੁਲਜ਼ਮ ਇਸ ਦੇ ਬਾਅਦ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਵਿਚ ਵੜ ਆਏ। ਉਨ੍ਹਾਂ ਦੇ ਨਾਲ ਗਾਲ੍ਹੀ ਗਲੋਚ ਕੀਤਾ। ਮਹਿੰਦਰ ਕੌਰ ਨੇ ਦੱਸਿਆ ਕਿ ਉਹ ਘਰ ਦੇ ਪਿੱਛੇ ਵਾਲੇ ਕਮਰੇ ਵਿਚ ਲੁਕੇ ਰਹੇ। ਮੁਲਜ਼ਮਾਂ ਨੇ ਲੋਹੇ ਦੀ ਰਾਡ ਤੇ ਬੇਸਬੈਟ ਨਾਲ ਉਨ੍ਹਾਂ ਦੇ ਮੁੱਖ ਦਰਵਾਜੇ 'ਤੇ ਕਈ ਵਾਰ ਕੀਤੇ। ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤਾਂ ਨੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਤੋਂ ਇਨਸਾਫ਼ ਦੀ ਫਰਿਆਦ ਕੀਤੀ ਹੈ।