ਸਟਾਫ ਰਿਪੋਰਟਰ, ਅੰਮਿ੍ਤਸਰ : ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਅੰਮਿ੍ਤਸਰ ਸ਼ਹਿਰ ਵਿਚ ਨਾਈਆਂ ਵਾਲਾ ਮੋੜ ਤੋਂ (ਢਪਈ ਰੋਡ) ਨੂੰ ਲੋਹਗੜ੍ਹ ਪੁਲ ਨਾਲ ਜੋੜਦੀ ਸੜਕ ਬਣਨ ਵਿਚ ਫੌਜ ਵੱਲੋਂ ਪ੍ਰਵਾਨਗੀ ਮਿਲਣੀ ਬਾਕੀ ਹੈ, ਜਿਸ ਵੇਲੇ ਇਹ ਪ੍ਰਵਾਨਗੀ ਪ੍ਰਰਾਪਤ ਹੋ ਗਈ, ਉਸੇ ਵੇਲੇ ਸੜਕ ਦਾ ਨਿਰਮਾਣ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਆਪਣੀ ਚੋਣ ਵੇਲੇ ਲੋਕਾਂ ਨਾਲ ਇਹ ਸੜਕ ਬਨਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕੀਤਾ ਜਾਵੇਗਾ।

ਸੋਨੀ ਨੇ ਦੱਸਿਆ ਕਿ ਉਹ ਆਪਣੇ ਅਖਿਤਆਰੀ ਕੋਟੇ 'ਚੋਂ ਇਸ ਸੜਕ ਲਈ ਲੋੜੀਂਦੇ ਫੰਡ ਵੀ ਰੱਖੇ ਹਨ ਤੇ ਹੋਰ ਤਕਨੀਕੀ ਕਾਰਵਾਈ ਵੀ ਪੂਰੀ ਕੀਤੀ ਜਾ ਚੁੱਕੀ ਹੈ ਪਰ ਫੌਜ ਵੱਲੋਂ ਅਜੇ ਤੱਕ ਪ੍ਰਵਾਨਗੀ ਨਹੀਂ ਮਿਲੀ, ਜਿਸ ਬਾਰੇ ਫੌਜ ਨਾਲ ਰਾਬਤਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਸਾਡੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਆਸ ਹੈ ਕਿ ਛੇਤੀ ਹੀ ਸਾਨੂੰ ਸੜਕ ਬਨਾਉਣ ਦੀ ਆਗਿਆ ਮਿਲ ਜਾਵੇਗੀ। ਸੋਨੀ ਨੇ ਅੱਜ ਸ੍ਰੀ ਰਵਿਦਾਸ ਮੰਦਰ ਵਿਖੇ ਧਰਮਸ਼ਾਲਾ ਬਨਾਉਣ ਲਈ ਆਪਣੇ ਕੋਟੇ ਵਿਚੋਂ 3 ਲੱਖ ਰੁਪਏ ਦਾ ਚੈੱਕ ਪ੍ਰਬੰਧਕਾਂ ਨੂੰ ਦਿੱਤਾ ਤੇ ਕਿਹਾ ਕਿ ਸਰਕਾਰ ਕੋਲ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ। ਉਨ੍ਹਾਂ ਕਿਹਾ ਕੋਵਿਡ ਸੰਕਟ ਦੇ ਬਾਵਜੂਦ ਪੰਜਾਬ ਸਰਕਾਰ ਰਾਜ ਵਿਚ ਸਾਰੇ ਕੰਮ ਤਰਜੀਹੀ ਆਧਾਰ 'ਤੇ ਕਰ ਰਹੀ ਹੈ ਅਤੇ ਇਸ ਵਿਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਵਿਕਾਸ ਲਈ ਮਿਲ ਰਹੇ ਹਰ ਤਰਾਂ ਦੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਰਾਜ ਤਰੱਕੀ ਦੀਆਂ ਨਵੀਆਂ ਸ਼ਿਖਰਾਂ ਛੂਹੇਗਾ।

ਸੋਨੀ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਰਾਜ ਵਿਚੋਂ ਕੋਰੋਨਾ ਸੰਕਟ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਦੀਆਂ ਦਿੱਤੀਆਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨ, ਤਾਂ ਜੋ ਪੰਜਾਬ ਨੂੰ ਕੋਰੋਨਾ ਤੋਂ ਮੁੱਕਤ ਕੀਤਾ ਜਾ ਸਕੇ। ਇਸ ਮੌਕੇ ਵਿਕਾਸ ਸੋਨੀ, ਇਕਬਾਲ ਸਿੰਘ ਸ਼ੇਰੀ, ਅਸ਼ਵਨੀ ਕੁਮਾਰ ਪੱਪੂ, ਸੁਰਿੰਦਰ ਸਿੰਘ ਸ਼ਿੰਦਾ, ਅਸ਼ਵਨੀ ਕੁਮਾਰ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।