ਜੇਐੱਨਐੱਨ, ਅੰਮਿ੍ਤਸਰ : ਵਿਧਾਨਸਭਾ ਹਲਕਾ ਬਾਬਾ ਬਕਾਲਾ ਸਾਹਿਬ 'ਚ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਭਤੀਜਾ ਬਣ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਨੌਜਵਾਨ ਨੂੰ ਥਾਣਾ ਬਿਆਸ ਦੀ ਪੁਲਿਸ ਵਲੋਂ ਧੋਖਾਧੜੀ ਦੇ ਦੋਸ਼ 'ਚ ਗਿ੍ਫਤਾਰ ਕੀਤਾ ਗਿਆ ਹੈ, ਜਦ ਕਿ ਉਸ ਦੇ ਦੋ ਸਾਥੀ ਫਰਾਰ ਹਨ। ਫੜੇ ਗਏ ਮੁਲਜ਼ਮ ਦੀ ਪਛਾਣ ਪਿੰਡ ਭਲਾਈਪੁਰ ਵਾਸੀ ਸੁਰਜਨ ਸਿੰਘ ਉਰਫ ਸੋਨੂੰ, ਜਦ ਕਿ ਫਰਾਰ ਮੁਲਜ਼ਮਾਂ ਦੀ ਪਛਾਣ ਪਿੰਡ ਵਜੀਰ ਭੁੱਲਰ ਵਾਸੀ ਦਲਜੀਤ ਸਿੰਘ ਤੇ ਪਿੰਡ ਰਾਮਪੁਰ ਗੁਮਾਨਪੁਰਾ ਵਾਸੀ ਰਣਜੀਤ ਸਿੰਘ ਦੱਸੀ ਗਈ ਹੈ।

ਇਸ ਸਬੰਧੀ ਬਿਆਸ ਵਾਸੀ ਪ੍ਰਦੀਪ ਸਿੰਘ ਨੇ ਦੱਸਿਆ ਉਨ੍ਹਾਂ ਨੇ ਉਕਤ ਤਿੰਨ ਲੋਕਾਂ ਨਾਲ ਚੀਮਾ ਕਾਲੋਨੀ 'ਚ ਦਸ ਮਰਲੇ ਦਾ ਪਲਾਟ ਲੈ ਕੇ ਉਨ੍ਹਾਂ ਨੂੰ 30 ਲੱਖ 50 ਹਜ਼ਾਰ ਰੁਪਏ ਦਿੱਤੇ ਸਨ। ਰਜਿਸਟਰੀ ਕਰਦੇ ਸਮੇਂ ਉਨ੍ਹਾਂ ਨੂੰ ਦੱਸਿਆ ਸੀ ਕਿ ਪਲਾਟ ਰਣਜੀਤ ਸਿੰਘ ਦੇ ਨਾਂ ਤੇ ਹੈ। ਪਲਾਟ ਖਰੀਦਣ ਉਪਰੰਤ ਜਦ ਉਨ੍ਹਾਂ ਨੇ ਪਲਾਟ ਦੀ ਚਾਰਦੀਵਾਰੀ ਸ਼ੁਰੂ ਕੀਤੀ ਤਾਂ ਯੂਐੱਸਏ 'ਚ ਰਹਿਣ ਵਾਲੇ ਅਸ਼ਵਨੀ ਕੁਮਾਰ ਖੰਨਾ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਪਲਾਟ ਉਨ੍ਹਾਂ ਦਾ ਹੈ।

-- ਬਟਾਲਾ ਵਾਸੀ ਅਸ਼ਵਨੀ ਨੂੰ ਖੜ੍ਹਾ ਕਰ ਕੇ ਕਰਵਾਈ ਸੀ ਰਜਿਸਟਰੀ

ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਜ਼ਮੀਨ ਯੂਐੱਸਏ ਵਾਸੀ ਅਸ਼ਵਨੀ ਕੁਮਾਰ ਦੀ ਸੀ, ਜਿਸ ਦੇ ਹਮਨਾਮ ਬਟਾਲਾ ਦੇ ਚੰਦਰ ਨਗਰ ਵਾਸੀ ਅਸ਼ਵਨੀ ਕੁਮਾਰ ਨੂੰ ਤਹਿਸੀਲ ਦਫ਼ਤਰ 'ਚ ਖੜ੍ਹਾ ਕਰ ਕੇ ਰਜਿਸਟਰੀ ਰਣਜੀਤ ਸਿੰਘ ਨੇ ਆਪਣੇ ਨਾਂ ਕਰਵਾਈ ਸੀ। ਥਾਣਾ ਬਿਆਸ ਦੇ ਜਾਂਚ ਅਧਿਕਾਰੀ ਏਐੱਸਆਈ ਬਲਕਾਰ ਸਿੰਘ ਨੇ ਦੱਸਿਆ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

-- ਮੁਲਜ਼ਮ ਨਾਲ ਕੋਈ ਰਿਸ਼ਤੇਦਾਰੀ ਨਹੀਂ : ਵਿਧਾਇਕ

ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਦੱਸਿਆ ਮੁਲਜ਼ਮ ਸੁਰਜਨ ਸਿੰਘ ਸੋਨੂੰ ਨਾਲ ਉਨ੍ਹਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ। ਇਹ ਹੋਰ ਪਿੰਡ ਤੋਂ ਆ ਕੇ ਉਨ੍ਹਾਂ ਦੇ ਪਿੰਡ 'ਚ ਵੱਸਿਆ ਹੈ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਨੌਜਵਾਨ ਉਨ੍ਹਾਂ ਦੇ ਨਾਂ 'ਤੇ ਠੱਗੀ ਮਾਰਦਾ ਸੀ, ਇਸ ਲਈ ਇਸ ਖ਼ਿਲਾਫ਼ ਕਾਨੂੰਨੀ ਕਾਰਵਾਈ ਜ਼ਰੂਰੀ ਹੈ।