ਸਟਾਫ ਰਿਪੋਰਟਰ, ਅੰਮਿ੍ਤਸਰ : ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਮੇਲ ਤੇ ਫੀਮੇਲ ਨੇ ਸਰਕਾਰ ਵੱਲੋਂ ਕੱਢੀਆਂ ਮਾਮੂਲੀ ਪੋਸਟਾਂ ਤੇ ਉਮਰ 'ਚ ਛੋਟ ਨਾ ਦੇਣ ਦੇ ਰੋਸ ਵਿਚ ਸ਼ੁਰੂ ਕੀਤੇ ਅਰਥੀ ਫੂਕ ਮੁਜ਼ਾਹਰਿਆਂ ਦੀ ਲੜੀ ਤਹਿਤ ਸਥਾਨਕ ਕੰਪਨੀ ਬਾਗ਼ 'ਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਿਢੱਲਵਾਂ ਤੇ ਰਵਿੰਦਰ ਅਜਨਾਲਾ ਦੀ ਅਗਵਾਈ 'ਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕਰਨ ਮਗਰੋ ਕੰਪਨੀ ਬਾਗ਼ ਸਾਹਮਣੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਪੁਤਲਾ ਫੂਕਿਆ। ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਬੇਰੁਜ਼ਗਾਰ ਹੈਲਥ ਵਰਕਰ ਮੇਲ ਤੇ ਫੀਮੇਲ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਵਿਭਾਗ 'ਚ ਖਾਲੀ ਪਈਆਂ ਸਾਰੀਆਂ ਅਸਾਮੀਆਂ 'ਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ।

ਇਸ ਸਬੰਧੀ ਅਨੇਕਾਂ ਵਾਰ ਸਿਹਤ ਮੰਤਰੀ ਨੇ ਭਰੋਸਾ ਵੀ ਦਿੱਤਾ ਸੀ ਪਰ 30 ਜੂਨ ਦੀ ਕੈਬਨਿਟ ਮੀਟਿੰਗ ਵਿਚ ਹੈਲਥ ਵਰਕਰ ਮੇਲ ਦੀਆਂ 200 ਤੇ ਫੀਮੇਲ ਦੀਆਂ ਮਹਿਜ 600 ਅਸਾਮੀਆਂ ਦੀ ਬਿਨਾਂ ਉਮਰ ਹੱਦ ਛੋਟ ਦਿੱਤੇ ਮਨਜੂਰੀ ਦਿੱਤੀ ਹੈ। ਉਨ੍ਹਾਂ ਕਿਹਾ ਪੰਜਾਬ ਅੰਦਰ 4000 ਵਰਕਰ ਮੇਲ ਤੇ 10,000 ਵਰਕਰ ਫੀਮੇਲ ਕੋਰਸ ਪਾਸ ਕਰਕੇ ਬੇਰੁਜ਼ਗਾਰ ਘੁੰਮ ਰਹੇ ਹਨ। ਬੇਰੁਜ਼ਗਾਰ ਆਗੂ ਪਲਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਫੀਮੇਲ ਤੇ ਮੇਲ ਦੀਆਂ 2000 -2000 ਪੋਸਟਾਂ ਲਈ ਤੁਰੰਤ ਇਸ਼ਤਿਹਾਰ ਜਾਰੀ ਕਰਕੇ ਲਿਖਤੀ ਪੇਪਰ ਪੰਜਾਬੀ ਮਾਧਿਅਮ ਵਿਚ ਤੁਰੰਤ ਲਿਆ ਜਾਵੇ।

ਉਨ੍ਹਾਂ ਕਿਹਾ ਕਿ ਸਾਂਝੀ ਯੂਨੀਅਨ 8 ਜੁਲਾਈ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦਾ ਿਘਰਾਓ ਕਰੇਗੀ। ਇਸ ਮੌਕੇ ਸੁਖਵਿੰਦਰ ਕੁਮਾਰ, ਹੀਰਾ ਲਾਲ, ਅਜੇ ਕੁਮਾਰ,ਗਗਨ ਕੁਮਾਰ, ਗੁਰਦੇਵ ਸਿੰਘ, ਸੁਖਵੰਤ ਸਿੰਘ, ਸਰਬਜੀਤ ਸਿੰਘ, ਹਰਜਿੰਦਰ ਸਿੰਘ, ਕਵਲਦੀਪ ਸਿੰਘ,ਰਤਨਦੀਪ ਸਿੰਘ ਅਤੇ ਦਲਬੀਰ ਸਿੰਘ ਆਦਿ ਹਾਜ਼ਰ ਸਨ।