ਮਨੋਜ ਕੁਮਾਰ, ਅੰਮਿ੍ਤਸਰ : ਜੇਠ-ਹਾੜ ਦੀਆਂ ਧੁੱਪਾਂ ਨਾਲ ਤਪਦੀ ਧਰਤੀ 'ਤੇ ਜਦੋਂ ਮੌਨਸੂਨ ਦੀ ਪਹਿਲੀ ਬਾਰਿਸ਼ ਦੀਆਂ ਬੂੰਦਾਂ ਡਿੱਗਦੀਆਂ ਹਨ ਤਾਂ ਕੁਦਰਤ ਖੁਸ਼ੀ ਨਾਲ ਝੂਮ ਉੱਠਦੀ ਹੈ। ਲੂ ਨਾਲ ਝੁਲਸੇ ਬੂਟਿਆਂ ਤੇ ਰੁੱਖਾਂ ਦੇ ਪੱਤਿਆਂ 'ਤੇ ਰੌਣਕ ਆ ਜਾਂਦੀ ਹੈ। ਦੋਵਾਂ ਹੱਥਾਂ ਨਾਲ ਕੁਦਰਤੀ ਦੇ ਸੋਮਿਆਂ ਨੂੰ ਰਾਤ-ਦਿਨ ਲੁੱਟਣ ਵਾਲੇ ਮਨੁੱਖ ਲਈ ਕੁਦਰਤ ਪ੍ਰਤੀ ਆਪਣਾ ਫਰਜ਼ ਅਦਾ ਕਰਨਾ ਦਾ ਇਹ ਇਕ ਸੁਨਹਿਰੀ ਮੌਕਾ ਹੁੰਦਾ ਹੈ। ਸਾਰੇ ਸਾਲ 'ਚ ਇਹ ਇਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਅਸਮਾਨ ਤੋਂ ਮੀਂਹ ਦੇ ਰੂਪ 'ਚ ਵਰ੍ਹਦੀਆਂ ਅੰਮਿ੍ਤ ਰੂਪੀ ਬੂੰਦਾਂ ਨੂੰ ਰੇਨ ਹਾਰਵੈਸਟਿੰਗ ਸਿਸਟਮ ਰਾਹੀਂ ਸੰਭਾਲ ਕੇ ਧਰਤੀ ਮਾਤਾ ਪ੍ਰਤੀ ਆਪਣੇ ਕਰਤੱਵ ਨੂੰ ਪੂਰਾ ਕਰ ਸਕਦੇ ਹਾਂ। ਵਤਾਵਰਨ ਮਾਹਰਾਂ ਅਨੁਸਾਰ ਭਾਰਤ 'ਚ ਕਦੇ ਪਾਣੀ ਦੀ ਸੰਭਾਲ ਲਈ ਸਭ ਤੋਂ ਵਧੀਆ ਤਕਨੀਕ ਵਰਤੀ ਜਾਂਦੀ ਸੀ ਜਿਸ ਨੂੰ ਅਸੀਂ ਖ਼ੁਦ ਭੁੱਲ ਬੈਠੇ ਹਾਂ।

ਵਾਤਾਵਰਨ ਵਿਗਿਆਨੀਆਂ ਅਨੁਸਾਰ ਬਾਰਿਸ਼ ਦੀ ਰੁੱਤ ਦੇ ਦੋ-ਤਿੰਨ ਮਹੀਨੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਸਭ ਤੋਂ ਵਧੀਆ ਮੌਕਾ ਹੈ। ਪੁਰਾਣੇ ਸਮੇਂ 'ਚ ਤਲਾਬ, ਝੀਲਾਂ, ਛੱਪੜ, ਟੋਏ-ਟਿੱਬੇ ਮੀਂਹ ਦੀ ਪਾਣੀ ਦੀ ਸੰਭਾਲ ਦੇ ਸਭ ਤੋਂ ਵਧੀਆ ਸੋਮੇ ਸਨ ਪਰ ਵੱਧਦੀ ਆਬਾਦੀ, ਗੈਰ-ਯੋਜਨਾਬੱਧ ਤਰੱਕੀ ਤੇ ਸ਼ਹਿਰੀਕਰਨ ਅਤੇ ਅੰਨ੍ਹੇਵਾਹ ਇਮਾਰਤਾਂ ਦੇ ਨਿਰਮਾਣ, ਸੜਕਾਂ ਤੋਂ ਲੈ ਕੇ ਫੁੱਟਪਾਥ ਤਕ ਪੱਕੇ ਹੋਣ ਜਾਣ ਨਾਲ ਪਾਣੀ ਹੁਣ ਧਰਤੀ 'ਚ ਘੱਟ ਜੀਰਦਾ ਹੈ ਤੇ ਬਰਬਾਦ ਜ਼ਿਆਦਾ ਹੁੰਦਾ ਹੈ।

ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰਮਿ੍ਤਸਰ ਦੇ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਿਜ਼ ਵਿਭਾਗ ਦੇ ਪ੍ਰਰੋਫੈਸਰ ਡਾ. ਅਦਰਸ਼ਪਾਲ ਵਿਗ ਅਨੁਸਾਰ ਦੁਨੀਆਂ ਦਾ ਸਭ ਤੋਂ ਸ਼ੁੱਧ ਤੇ ਤਾਜ਼ਾ ਪਾਣੀ ਸਿਰਫ਼ ਮੀਂਹ ਦਾ ਪਾਣੀ ਹੈ। ਇਸ ਦੀ ਸੰਭਾਲ ਦਾ ਬਣਾਵਟੀ ਤਰੀਕਾ ਰੇਨ ਹਾਰਵੈਸਟਿੰਗ ਪ੍ਰਣਾਲੀ ਹੈ, ਜਿਸ 'ਚ ਇਮਾਰਤ ਦੀ ਛੱਤ ਦੀ ਭੂਮਿਕਾ ਅਹਿਮ ਹੁੰਦੀ ਹੈ। ਉਨ੍ਹਾਂ ਕਿਹਾ ਧਰਤੀ ਹੇਠਲਾ ਪਾਣੀ ਜਮ੍ਹਾਂ ਪੂੰਜੀ ਤੇ ਮੀਂਹ ਦੀਆਂ ਬੂੰਦਾਂ ਆਮਦਨ ਦੀ ਤਰ੍ਹਾਂ ਹਨ। ਜੇਕਰ ਜਮ੍ਹਾਂ ਪੂੰਜੀ ਖ਼ਰਚ ਕਰਦੇ ਜਾਵਾਂਗੇ ਤੇ ਖ਼ਾਤੇ 'ਚ ਕੁਝ ਨਹੀਂ ਪਾਵਾਂਗੇ ਤਾਂ ਕਿ ਇਕ ਦਿਨ ਖ਼ਾਤਾ ਖਾਲੀ ਹੋ ਜਾਵੇਗਾ। ਰੇਨ ਵਾਟਰ ਹਾਰਵੈਸਟਿੰਗ ਪ੍ਰਣਾਲੀ ਰਾਹੀਂ ਹਰ ਸਾਲ ਲਗਾਤਾਰ ਬਾਰਿਸ਼ ਦੇ ਮੌਸਮ 'ਚ ਮੀਂਹ ਦੇ ਪਾਣੀ ਦੀ ਸੰਭਾਲ ਕਰਨੀ ਸ਼ੁਰੂ ਕਰਨ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਕਦੇ ਵੀ ਡਿੱਗਣ ਦੀ ਨੌਬਤ ਨਹੀਂ ਆਵੇਗੀ। ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ 'ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਕੁੱਲ 138 ਵਾਟਰ ਜ਼ੋਨਾਂ 'ਚੋਂ 112 'ਚ ਪਾਣੀ ਦਾ ਪੱਧਰ ਹੇਠਾਂ ਜਾ ਚੁੱਕਾ ਹੈ। ਪੰਜਾਬ 'ਚ ਪਾਣੀ ਦੇ ਟਿਊਬਵਲਾਂ ਦੀ ਗਿਣਤੀ ਜੋ 1980-81 'ਚ 6 ਲੱਖ ਸੀ, 2015-16 'ਚ 14.19 ਲੱਖ ਤਕ ਪੁੱਜ ਗਈ। ਉਨ੍ਹਾਂ ਕਿਹਾ ਕਿ ਪਾਣੀ ਦੀ ਸੰਭਾਲ ਲਈ ਵਿੱਦਿਅਕ ਸੰਸਥਾਵਾਂ ਤੇ ਸਰਕਾਰੀ ਇਮਾਰਤਾਂ 'ਚ ਰੇਨ ਵਾਟਰ ਹਾਰਵੈਸਟਿੰਗ ਪ੍ਰਣਾਲੀ ਨੂੰ ਅਪਣਾਇਆ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।

ਪੰਜਾਬ ਯੂਨੀਵਰਿਸਟੀ, ਚੰਡੀਗੜ੍ਹ ਦੇ ਡਿਪਾਰਟਮੈਂਟ ਆਫ ਇਨਵਾਇਰਮੈਂਟ ਸਟਡੀਜ਼ ਦੀ ਪ੍ਰਰੋਫੈਸਰ ਡਾ. ਸੁਮਨ ਮੋਰ ਦਾ ਕਹਿਣਾ ਸੀ ਕਿ ਸਾਡੀਆਂ ਸਰਕਾਰਾਂ ਨੂੰ ਸਕੂਲ ਪੱਧਰ 'ਤੇ ਬੱਚਿਆਂ ਨੂੰ ਮੀਂਹ ਦੇ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ ਹੈ, ਤਾਂ ਜੋ ਇਕ ਆਉਣ ਵਾਲੇ ਸਮੇਂ 'ਚ ਅਜਿਹੀ ਪੀੜ੍ਹੀ ਤਿਆਰ ਕੀਤੀ ਜਾ ਸਕੇ ਜੋ ਹੁਣ ਤੋਂ ਇਸ ਬਾਰੇ ਸੋਚਣਾ ਸ਼ੁਰੂ ਕਰ ਦੇਵੇ। ਇਸ ਤੋਂ ਇਲਾਵਾ ਸਾਨੂੰ ਆਪਣੇ ਪਿੰਡਾਂ 'ਚ ਵਰਖਾ ਦੇ ਪਾਣੀ ਦੀ ਸੰਭਾਲ ਲਈ ਤਲਾਬਾਂ ਵਾਲੀ ਪੁਰਾਣੀ ਰਵਾਇਤੀ ਪ੍ਰਣਾਲੀ ਨੂੰ ਮੁੜ ਤੋਂ ਅਪਣਾਉਣ ਦੀ ਵੀ ਜ਼ਰੂਰਤ ਹੈ, ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ ਸੁਧਾਰ ਲਿਆਂਦਾ ਜਾ ਸਕੇ।