ਸਟਾਫ ਰਿਪੋਰਟਰ, ਅੰਮਿ੍ਤਸਰ : ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਹਿ ਤਹਿਤ ਲੋਕਾਂ ਨੂੰ ਕੋਰੋਨਾ ਦੇ ਖਤਰੇ ਤੋਂ ਸੁਚੇਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਲਾਕਡਾਊਨ ਦੇ ਨਿਯਮਾਂ ਦੀ ਜਾਣ ਬੁੱਝ ਕੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਦਿਹਾਤੀ ਪੁਲਿਸ ਵੱਲੋਂ ਸਖਤੀ ਵੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮਜੀਤ ਦੁੱਗਲ ਐੱਸਐੱਸਪੀ ਦਿਹਾਤੀ ਅੰਮਿ੍ਤਸਰ ਨੇ ਦੱਸਿਆ ਕਿ ਕੋੋਰੋਨਾ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਨਿਯਮਾਂ 'ਚ ਮਾਸਕ ਪਹਿਨਣਾ ਤੇ ਜਨਤਕ ਥਾਵਾਂ 'ਤੇ ਬਿਲਕੁਲ ਨਾ ਥੁੱਕਣਾ ਹੈ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਾ ਹੈ, ਪਰ ਬਹੁਤੇ ਲੋਕ ਇਨ੍ਹਾਂ ਜ਼ਰੂਰੀ ਹਦਾਇਤਾਂ ਨੂੰ ਭੁੱਲ ਕੇ ਿਫ਼ਰ ਗਲਤੀਆਂ ਕਰਦੇ ਹਨ ਤੇ ਆਪਣੀਆਂ ਇਨ੍ਹਾਂ ਗਲਤੀਆਂ ਕਾਰਨ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਖਤਰੇ 'ਚ ਪਾਉਂਦੇ ਹਨ। ਉਨ੍ਹਾਂ ਦੱਸਿਆ ਦਿਹਾਤੀ ਪੁਲਿਸ ਵਲੋਂ 23 ਮਾਰਚ ਤੋ 25 ਜੂਨ ਤੱਕ 5603 ਵਿਅਕਤੀਆਂ ਦੇ ਚਾਲਾਨ ਕੀਤੇ ਗਏ ਹਨ, ਜਿੰਨ੍ਹਾਂ 'ਚ 3831 ਬਿਨਾਂ ਫੇਸ ਮਾਸਕ ਦੇ, 542 ਜਨਤਕ ਥਾਵਾਂ ਤੇ ਥੁੱਕਣ ਦੇ ਤੇ 10 ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ, 22 ਕੁਆਰੰਟੀਨ ਦੀ ਉਲੰਘਣਾ ਤੇ 1198 ਵਾਹਨਾਂ ਦੇ ਚਾਲਾਨ ਕੀਤੇ ਹਨ ਤੇ ਇਨ੍ਹਾਂ ਕੋਲੋਂ 1766300 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਵਿਅਕਤੀਆਂ ਨੂੰ ਸਮਝਾਉਣ 'ਚ ਅਸਫ਼ਲ ਰਹਿਣ ਬਾਅਦ ਪੁਲਿਸ ਵੱਲੋਂ ਹੁਣ ਇਨ੍ਹਾਂ ਦੇ ਚਲਾਨ ਕਰਨੇ ਸ਼ੁਰੂ ਕਰਨ ਦਿੱਤੇ ਗਏ ਹਨ ਤਾਂ ਜੋ ਉਹ ਆਪਣੀ ਗਲਤੀ ਕਾਰਨ ਲੱਗੇ ਜੁਰਮਾਨੇ ਨੂੰ ਯਾਦ ਰੱਖਦੇ ਹੋਏ ਅੱਗੇ ਤੋਂ ਦੁਬਾਰਾ ਗਲਤੀ ਨਾ ਕਰਨ।

ਦੁੱਗਲ ਨੇ ਦੱਸਿਆ ਵਾਹਨਾਂ ਦੇ 1198 ਚਲਾਨਾਂ 'ਚੋ 485 ਵਾਹਨ ਸੀਜ ਕੀਤੇ ਗਏ ਹਨ ਤੇ ਬਾਕੀ 713 ਵਾਹਨਾਂ ਦੇ ਚਲਾਨ ਕੀਤੇ ਹਨ। ਉਨ੍ਹਾਂ ਦੱਸਿਆ ਕਰਿਫਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਧਾਰਾ 188 ਆਈ ਪੀ ਐਸ ਦੇ ਤਹਿਤ 534 ਕੇਸ ਰਜਿਸਟਰਡ ਵੀ ਕੀਤੇ ਗਏ ਹਨ। ਦਿਹਾਤੀ ਪੁਲਿਸ ਵਲੋਂ ਸਾਂਝ ਕੇਦਰਾਂ 'ਚ 30 ਸੈਮੀਨਾਰ ਲਾ ਕੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਵਿਰੁੱਧ ਜਾਗਰੂਕ ਵੀ ਕੀਤਾ ਗਿਆ ਹੈ। ਦੁੱਗਲ ਨੇ ਦੱਸਿਆ ਦਿਹਾਤੀ ਪੁਲਿਸ ਵਲੋ ਲੋਕਾਂ ਨੂੰ ਜਾਗਰੂਕ ਕਰਦੇ ਹੋਏ 3372 ਵਿਅਕਤੀਆਂ ਨੂੰ ਕੋਵਾ ਐਪ ਵੀ ਡਾਊਨਲੋਡ ਕਰਵਾਇਆ ਗਿਆ ਹੈ।

ਉਨ੍ਹਾਂ ਕਿਹਾ ਜੇਕਰ ਅਸੀਂ ਲਾਕਡਾਊਨ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਾਂਗੇ ਤਾਂ ਇਸ ਨਾਲ ਜਿੱਥੇ ਕੋਰੋਨਾ ਦੇ ਖਤਰੇ ਨੂੰ ਦੂਰ ਕਰਾਂਗੇ ਉੱਥੇ ਆਪਣੇ ਜ਼ਿਲ੍ਹੇ ਤੇ ਰਾਜ ਵਿੱਚੋਂ ਕੋਵਿਡ ਨੂੰ ਖ਼ਤਮ ਕਰਨ 'ਚ ਵੀ ਸਰਕਾਰ ਦੀ ਸਹਾਇਤਾ ਕਰਾਂਗੇ।