ਜੇਐੱਨਐੱਨ, ਅੰਮਿ੍ਤਸਰ : ਗੁਰੂ ਨਗਰੀ ਦੇ ਨਵ ਨਿਯੁਕਤ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਮਨਦੀਪ ਸਿੰਘ ਨੀਲੀ ਬੱਤੀ ਵਾਲੀ ਕਾਰ 'ਤੇ ਸਵਾਰ ਹਨ। ਸਰਕਾਰੀ ਨਿਯਮਾਂ ਮੁਤਾਬਕ ਸਿਹਤ ਵਿਭਾਗ ਦਾ ਕੋਈ ਵੀ ਅਧਿਕਾਰੀ ਆਪਣੇ ਨਿੱਜੀ ਵਾਹਨ 'ਤੇ ਨੀਲੀ ਬੱਤੀ ਨਹੀਂ ਲਾ ਸਕਦਾ, ਨਾ ਹੀ ਆਪਣੇ ਅਹੁਦਾ ਗੱਡੀ 'ਤੇ ਲਿਖ ਸਕਦਾ ਹੈ। ਡਾ. ਅਮਨਦੀਪ ਸਿੰਘ ਨੇ ਬੱਤੀ ਲਾਉਣ ਦੇ ਨਾਲ-ਨਾਲ ਆਪਣਾ ਅਹੁਦਾ ਵੀ ਵੱਡੇ-ਵੱਡੇ ਸ਼ਬਦਾਂ 'ਚ ਗੱਡੀ ਦੇ ਅੱਗੇ ਲਿਖਵਾਇਆ ਹੈ। ਉਨ੍ਹਾਂ ਦੀ ਇਸ ਕਾਰਸਤਾਨੀ ਤੋਂ ਸਿਹਤ ਵਿਭਾਗ ਦੇ ਪ੍ਰਰੋਗਰਾਮ ਅਫਸਰ ਹੈਰਾਨ ਹਨ ਪਰ ਕੋਈ ਕੁੱਝ ਕਹਿੰਦਾ ਨਹੀਂ। ਡਾ. ਅਮਨਦੀਪ ਡਿਊਟੀ ਸਮੇਂ ਵੀ ਇਸ ਪ੍ਰਰਾਈਵੇਟ ਗੱਡੀ ਦਾ ਇਸਤੇਮਾਲ ਕਰਦੇ ਹਨ ਤੇ ਘਰੇਲੂ ਕੰਮਾਂ 'ਚ ਵੀ। ਪੰਜਾਬ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਦੇ ਵਾਹਨਾਂ 'ਤੇ ਬੱਤੀ ਲਾਉਣ 'ਤੇ ਰੋਕ ਲਗਾ ਰੱਖੀ ਹੈ ਪਰ ਡੀਐੱਚਓ ਸਾਹਿਬ ਵੀਆਈਪੀ ਕਲਚਰ ਦਾ ਪਾਲਣ ਕਰ ਰਹੇ ਹਨ। ਇਸ ਮਾਮਲੇ ਦੀ ਸ਼ਿਕਾਇਤ ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚੇ ਦੇ ਰਾਸ਼ਟਰੀ ਚੇਅਰਮੈਨ ਰਮੇਸ਼ਾਨੰਦ ਸਰਸਵਤੀ ਨੇ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਨੀਲੀ ਬੱਤੀ ਲਾ ਕੇ ਡੀਐੱਚਓ ਆਖਰ ਸਾਬਤ ਕੀ ਕਰਨਾ ਚਾਹੁੰਦੇ ਹਨ। ਉਹ ਜਨਤਾ ਦੇ ਸੇਵਕ ਹਨ ਤੇ ਸੇਵਕ ਨੂੰ ਨਿਮਾਣਾ ਹੋ ਕੇ ਸੇਵਾ ਕਰਨੀ ਚਾਹੀਦੀ ਹੈ। ਅਜਿਹੇ ਅਧਿਕਾਰੀ ਨੂੰ ਇੱਥੋਂ ਤਤਕਾਲ ਬਦਲਿਆ ਜਾਵੇ ਜੋ ਸਰਕਾਰ ਦੇ ਨਿਯਮਾਂ ਨੂੰ ਹੀ ਨਜ਼ਰਅੰਦਾਜ ਕਰ ਰਿਹਾ ਹੈ। ਸ਼ਹਿਰ ਵਿਚ ਪ੍ਰਬੰਧਕੀ ਅਧਿਕਾਰੀਆਂ, ਮੰਤਰੀਆਂ ਤੇ ਵਿਧਾਇਕਾਂ ਨੇ ਲਾਲ ਤੇ ਨੀਲੀ ਬੱਤੀ ਨਹੀਂ ਲਾਈ ਤਾਂ ਡੀਐੱਚਓ ਨਿਯਮ ਦਾ ਪਾਲਣ ਕਿਉਂ ਨਹੀਂ ਕਰ ਰਹੇ। ਉਥੇ ਹੀ ਡੀਐੱਚਓ ਡਾ. ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਨੀਲੀ ਬੱਤੀ ਲਾਉਣ ਦੀ ਸਰਕਾਰੀ ਮਨਜੂਰੀ ਹੈ। ਉਨ੍ਹਾਂ ਨੂੰ ਫੂਡ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਆਗਿਆ ਪ੍ਰਦਾਨ ਕੀਤੀ ਹੈ। ਸਰਕਾਰੀ ਗੱਡੀਆਂ ਦੀ ਹਾਲਤ ਖਸਤਾ ਹੈ, ਇਸ ਲਈ ਉਹ ਆਪਣੀ ਪ੍ਰਰਾਈਵੇਟ ਕਾਰ 'ਤੇ ਆਉਂਦੇ ਹਨ। ਉਧਰ, ਫੂਡ ਕਮਿਸ਼ਨਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਡੀਐੱਚਓ ਆਪਣੇ ਵਾਹਨ 'ਤੇ ਬੱਤੀ ਨਹੀਂ ਲਾ ਸਕਦੇ। ਉਹ ਉਨ੍ਹਾਂ ਨਾਲ ਗੱਲ ਕਰ ਕੇ ਨਿਯਮਾਂ ਦੀ ਪਾਲਣਾ ਕਰਨ ਨੂੰ ਕਹਿਣਗੇ।