ਜਸਪਾਲ ਸਿੰਘ ਗਿੱਲ, ਮਜੀਠਾ : ਪਿਛਲੇ ਲੰਮੇ ਸਮੇਂ ਤੋਂ ਮਜੀਠਾ ਸੋਹੀਆਂ ਕਲਾਂ ਸੜਕ ਤੇ ਸਣਿਆ ਪੁਲ਼ ਜਿਹੜਾ ਕਾਫੀ ਖਸਤਾ ਹਾਲਤ 'ਚ ਸੀ। ਇਸ ਪੁਲ਼ ਰਸਤੇ ਮਜੀਠਾ ਤੋਂ ਪਿੰਡ ਸੋਹੀਆਂ ਕਲਾਂ, ਜੇਠੂਨੰਗਲ ਤੋਂ ਹੁੰਦੇ ਹੋਏ ਸੰਗਤਪੁਰਾ ਸੜਕ 'ਤੇ ਮਿਲ ਜਾਂਦੀ ਹੈ, ਜਿਹੜੀ ਅੰਮਿ੍ਤਸਰ ਤੇ ਫਤਹਿਗੜ੍ਹ ਚੂੜੀਆਂ, ਰਮਦਾਸ, ਡੇਰਾ ਬਾਬਾ ਨਾਨਕ ਤੇ ਅਜਨਾਲਾ ਨੂੰ ਜਾ ਮਿਲਦੀ ਹੈ। ਇਸੇ ਰਸਤੇ ਏਅਰਪੋਰਟ ਰਾਜਾਸਾਂਸੀ ਦੀ ਸੜਕ ਵੀ ਮੇਲ ਖਾਂਦੀ ਹੈ।

ਇਸੇ ਪੁਲ਼ ਰਸਤੇ ਹੀ ਮਜੀਠਾ ਰੇਲਵੇ ਸਟੇਸ਼ਨ ਜਿਸ ਰਾਹੀਂ ਡੇਰਾ ਬਾਬਾ ਨਾਨਕ ਨੂੰ ਰੇਲਾਂ ਜਾਂਦੀਆਂ ਹਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ, ਸੇਂਟ ਇਲੀਟ ਕਾਨਵੈਂਟ ਸਕੂਲ ਮਜੀਠਾ, ਐੱਸਬੀਐੱਸ ਨਰਸਿੰਗ ਕਾਲਜ ਪੰਧੇਰ ਕਲਾਂ, ਦਿਲਬਾਗ ਮੈਮੋਰੀਅਲ ਕਾਲਜ ਸੋਹੀਆਂ ਕਲਾਂ ਆਦਿ ਮੁੱਖ ਥਾਵਾਂ ਨੂੰ ਜਾਣ ਵਾਸਤੇ ਇਸ ਪੁਲ਼ ਦੀ ਵਰਤੋਂ ਹੁੰਦੀ ਹੈ। ਪਿਛਲੇ ਲੰਮੇ ਸਮੇਂ ਤੋਂ ਪੁਲ ਟੁੱਟਾ ਹੋਣ ਕਰਕੇ ਇਸ ਪੁਲ ਤੇ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ ਤੇ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਸਮੱਸਿਆ ਸਬੰਧੀ ਸਮੇਂ-ਸਮੇਂ ਤੇ ਅਖਬਾਰਾਂ ਵਿਚ ਖਬਰਾਂ ਵੀ ਛੱਪ ਚੁੱਕੀਆਂ ਹਨ।

ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪਰਾਸ਼ਰ ਤੇ ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਤਰੁਨ ਕੁਮਾਰ ਅਬਰੋਲ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਅਖਬਾਰਾਂ ਦੀਆਂ ਖਬਰਾਂ ਤੇ ਲੋਕਾਂ ਦੀ ਮੰਗ ਤੇ ਉਸ ਵਕਤ ਦੀ ਅਕਾਲੀ ਭਾਜਪਾ ਸਰਕਾਰ 'ਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਉਦਮਾਂ ਸਦਕਾ ਇਹ ਪੁਲ ਢਾਹ ਕੇ ਬਣਾਉਣ ਵਾਸਤੇ ਮਨਜ਼ੂਰ ਹੋ ਗਿਆ ਤੇ ਇਸ ਵਾਸਤੇ ਲੋੜੀਂਦੀ ਰਾਸ਼ੀ ਵੀ ਮਨਜੂਰ ਹੋ ਗਈ ਸੀ। ਸੜਕ ਨਿਰਮਾਣ ਵਿਭਾਗ ਵੱਲੋਂ ਦਸੰਬਰ 2016 'ਚ ਇਸ ਪੁਲ਼ ਨੂੰ ਢਾਹ ਕੇ ਬਣਾਉਣ ਲਈ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਪਾਸੋਂ ਨੀਂਹ ਪੱਥਰ ਵੀ ਰਖਵਾਇਆ ਗਿਆ ਸੀ, ਜਿਸ ਦੀ ਸਿਲ ਅਜੇ ਵੀ ਮੌਕੇ ਤੇ ਬਰਕਰਾਰ ਹੈ। ਉਕਤ ਆਗੂਆਂ ਨੇ ਕਿਹਾ ਪੁਲ ਬਣਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਣ ਜਾਬਤਾ ਲੱਗ ਗਿਆ। ਚੋਣਾਂ ਹੋਣ ਉਪਰੰਤ ਸੂਬੇ ਵਿੱਚ ਸਰਕਾਰ ਬਦਲ ਗਈ ਤੇ ਵਾਗਡੋਰ ਕਾਂਗਰਸ ਹੱਥ ਆ ਗਈ, ਜਿਸ ਨੇ ਸੱਤਾ 'ਚ ਆਉਂਦੇ ਸਾਰ ਸੂਬੇ ਦੇ ਸਾਰੇ ਵਿਕਾਸ ਕਾਰਜਾਂ ਵਾਸਤੇ ਮਨਜੂਰ ਹੋਏ ਫੰਡ ਵਾਪਸ ਮੰਗਵਾ ਲਏ ਗਏ ਜਿਸ ਕਾਰਨ ਪੁਲ ਦੀ ਉਸਾਰੀ ਦਾ ਕੰਮ ਅੱਗੇ ਪੈ ਗਿਆ। ਇਸ ਦੌਰਾਨ ਪੁਲ ਦੀ ਹਾਲਤ ਹੋਰ ਵੀ ਖਸਤਾ ਹੁੰਦੀ ਗਈ ਤੇ ਲੋਕਾਂ ਵਿੱਚ ਸਰਕਾਰ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ ਰੋਹ ਵਧਦਾ ਗਿਆ। ਉਕਤ ਆਗੂਆਂ ਨੇ ਦੱਸਿਆ ਪੁਲ ਦੀ ਮੁੜ ਉਸਾਰੀ ਸਬੰਧੀ ਨਗਰ ਕੌਸਲ ਦਫਤਰ ਵੱਲੋਂ ਵੀ ਸਬੰਧਤ ਵਿਭਾਗ ਨੂੰ ਲਿਖਤੀ ਤੌਰ ਤੇ ਜਾਣੂੰ ਕਰਾਇਆ ਗਿਆ ਪਰ ਮਸਲੇ ਹੱਲ ਨਾ ਹੋਇਆ। ਹੁਣ ਆਖਰ 'ਚ ਲੋਕਾਂ ਦੇ ਰੋਹ ਤੇ ਨਿੱਤ ਵਾਪਰਦੇ ਹਾਦਸਿਆਂ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਇਸ ਪੁਲ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਸਬੰਧੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਇੰਦਰਜੀਤ ਸਿੰਘ ਨੇ ਦੱਸਿਆ ਇਸ ਪੁਲ ਦੀ ਮੁੜ ਉਸਾਰੀ ਵਾਸਤੇ ਉਸ ਵਕਤ 70 ਲੱਖ ਰੁਪਏ ਮਨਜ਼ੂਰ ਹੋਏ ਸਨ ਜਿਹੜੇ ਕਿ ਵਜ਼ਾਰਤ ਬਦਲਣ ਕਾਰਣ ਸਰਕਾਰ ਨੇ ਰੋਕ ਦਿੱਤੇ ਸਨ ਹੁਣ ਸਰਕਾਰ ਵੱਲੋਂ ਦੁਬਾਰਾ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਜਿਸ ਕਰਕੇ ਇਸ ਪੁਲ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਤਿੰਨ ਸਾਲ ਪਹਿਲਾਂ ਇਸ ਪੁਲ ਦਾ ਨੀਂਹ ਪੱਥਰ ਬਿਕਰਮ ਸਿੰਘ ਮਜੀਠੀਆ ਵੱਲੋਂ ਰੱਖੇ ਜਾਣ ਦੇ ਬਾਵਜੂਦ ਵਿਭਾਗ ਵੱਲੋਂ ਹੁਣ ਦੁਬਾਰਾ ਸੁਖਜਿੰਦਰਰਾਜ ਸਿੰਘ ਲਾਲੀ ਪਾਸੋਂ ਨੀਂਹ ਪੱਥਰ ਰਖਵਾਇਆ ਗਿਆ। ਇਸ ਦੀ ਚਰਚਾ ਆਮ ਲੋਕਾਂ ਵਿੱਚ ਚੱਲ ਰਹੀ ਹੈ। ਲੋਕਾਂ 'ਚ ਇਹ ਚਰਚਾ ਹੈ ਕਿ ਪੁਲ ਬਨਣ ਉਪਰੰਤ ਇਸ ਦਾ ਉਦਘਾਟਨ ਹਲਕਾ ਵਿਧਾਇਕ ਜਾਂ ਹਲਕਾ ਇੰਚਾਰਜ ਕਰੇਗਾ।