ਗੁਰਮੀਤ ਸੰਧੂ, ਅੰਮਿ੍ਤਸਰ : ਫੀਸਾਂ ਲਏ ਜਾਣ ਦੇ ਮਾਮਲੇ ਤੋਂ ਸਤਾਏ ਮਾਪਿਆਂ ਨੂੰ ਹੁਣ ਆਪਣੇ ਲਾਲਾਂ ਦੀ ਸਿਹਤ ਤੇ ਅੱਖਾਂ ਦੀ ਨਜ਼ਰ ਦਾ ਗਮ ਸਤਾਉਂਦਾ ਨਜ਼ਰ ਆ ਰਿਹਾ ਹੈ। ਜਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿਚ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਧੜਾਧੜ ਆਨ ਲਾਈਨ ਪੜ੍ਹਾਈ ਕਰਾਏ ਜਾਣ ਦਾ ਸਿਲਸਿਲਾ ਪੂਰੀਆਂ ਸਿਖਰ ਸਰਗਰਮੀਆਂ ਤੇ ਹੈ ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਅਧਿਆਪਕਾਂ 'ਚ ਇਸ ਕਾਰਜਸ਼ੈਲੀ ਨੂੰ ਲੈ ਕੇ ਜਿਵੇਂ ਕੋਈ ਮੁਕਾਬਲੇਬਾਜੀ ਦਾ ਦੌਰ ਚੱਲ ਰਿਹਾ ਹੋਵੇ।

ਆਨਲਾਈਨ ਪੜ੍ਹਾਈ ਨੂੰ ਬਹੁਤ ਸਾਰੇ ਮਾਪਿਆਂ ਨੇ ਬੱਚਿਆਂ ਦੇ ਲਈ ਮਾਨਸਿਕ ਤੇ ਸਰੀਰਕ ਬੋਝ ਦੱਸਿਆ ਹੈ। ਕਿਉਂਕਿ ਇਕ ਪਾਸੇ ਜਿੱਥੇ ਸਕੂਲ ਬੰਦ ਹਨ ਉÎੱਥੇ ਬੱਚਿਆਂ ਦੀ ਪੜ੍ਹਾਈ ਦੇ ਵਿਚ ਚੁਸਤੀ ਫੁਰਤੀ ਲਿਆਉਣ ਵਾਲੀਆਂ ਟਿਊਸ਼ਨ ਅਧਿਆਪਕਾਵਾਂ ਦੀ ਵੀ ਵਿਦਿਆਰਥੀਆਂ ਤੋਂ ਦੂਰੀ ਬਣੀ ਹੋਈ ਹੈ। ਜਿਆਦਾਤਰ ਮਾਪਿਆਂ ਦਾ ਵਿਦਿਆਰਥੀ ਤੇ ਅਧਿਆਪਕ ਦੇ ਆਹਮੋ ਸਾਹਮਣੇ ਰੂਬਰੂ ਹੋ ਕੇ ਪੜ੍ਹਾਈ ਕੀਤੇ ਤੇ ਕਰਵਾਏ ਜਾਣ ਵਾਲੇ ਰਿਸ਼ਤੇ ਵਿਚ ਜ਼ਿਆਦਾ ਵਿਸ਼ਵਾਸ਼ ਹੈ ਤੇ ਉਹ ਆਨਲਾਈਨ ਪੜ੍ਹਾਈ ਨੂੰ ਇਕ ਹਾਈ ਵੋਲਟੇਜ ਡਰਾਮਾ ਦੱਸ ਰਹੇ ਹਨ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਆਨਲਾਈਨ ਪੜ੍ਹਾਈ ਦੇ ਨਾਮ ਤੇ ਬੱਚਿਆਂ ਤੇ ਹੱਦ ਤੋਂ ਵੱਧ ਬੋਝ ਪਾਇਆ ਜਾ ਰਿਹਾ ਹੈ ਜੋ ਮਸੂਮੀਅਤ ਦੇ ਪੈਮਾਨੇ 'ਚ ਤਰਾਸ਼ੇ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਹਰੀਸ਼ ਕੁਮਾਰ, ਸ਼ਮਸ਼ੇਰ ਸਿੰਘ, ਦਵਿੰਦਰ ਕੁਮਾਰ, ਰਾਮ ਰਤਨ ਸ਼ਰਮਾ, ਰੋਮੀ ਛੇਹਰਟਾ, ਮਾਸਟਰ ਤਰਸੇਮ ਲਾਲ, ਪਰਮਜੀਤ ਸਿੰਘ, ਨਰੇਸ਼ ਕੁਮਾਰ, ਮਦਨ ਗੋਪਾਲ ਆਦਿ ਨੇ ਦੱਸਿਆ ਆਨਲਾਈਨ ਵਿੱਦਿਅਕ ਪ੍ਰਣਾਲੀ ਦੇ ਨਾਲ ਜਿੱਥੇ ਬੱਚੇ ਮਾਨਸਿਕ ਤੇ ਜਿਸਮਾਨੀ ਪਰੇਸ਼ਾਨੀ ਝੱਲਦੇ ਹਨ। ਉÎੱਥੇ ਲੰਮਾ ਸਮਾਂ ਮੋਬਾਇਲ ਤੇ ਨਜ਼ਰਾਂ ਟਿਕਾਉਣ ਨਾਲ ਦੁਸ਼ਪ੍ਰਭਾਵੀ ਕਿਰਨਾਂ ਨਾਲ ਉਨ੍ਹਾਂ ਦੀ ਨਜ਼ਰ ਤੇ ਅਸਰ ਪੈ ਰਿਹਾ ਹੈ ਜਿਸ ਕਾਰਨ ਬੱਚੇ ਬੇਚੈਨੀ ਮਹਿਸੂਸ ਕਰਦੇ ਅਕਸਰ ਅੱਖਾਂ ਮੱਲਦੇ ਵੇਖੇ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਕ ਪਾਸਿਓੁਂ ਸਿਹਤ ਮਾਹਿਰਾਂ ਤੇ ਅਧਿਆਪਕਾਂ ਵੱਲੋਂ ਖੁਦ ਹੀ ਵਿਦਿਆਰਥੀਆਂ ਦੀ ਮੋਬਾਈਲ ਤੋਂ ਦੂਰੀ ਬਣਾ ਕੇ ਰੱਖੇ ਜਾਣ ਦੀ ਤਾਕੀਦ ਕੀਤੀ ਜਾਂਦੀ ਹੈ ਤੇ ਹੁਣ ਇਹ ਆਨ ਲਾਈਨ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦੇ ਜੀ ਦਾ ਜੰਜਾਲ ਬਣੀ ਹੋਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਕ ਤਾ ਫੀਸਾਂ ਤੋਂ ਸਤਾਏ ਮਾਪਿਆਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ ਤੇ ਦੂਜਾ ਆਨਲਾਈਨ ਵਿੱਦਿਆ ਪ੍ਰਣਾਲੀ ਤੇ ਮੁੜ ਸਮੀਖਿਆ ਕਰਕੇ ਵਿਦਿਆਰਥੀਆਂ ਤੇ ਮਾਪਿਆਂ ਤੋਂ ਕੰਮ ਦਾ ਬੋਝ ਘੱਟ ਕੀਤਾ ਜਾਵੇ। ਉਨ੍ਹਾਂ ਕਿਹਾ ਇਸ ਪ੍ਰਣਾਲੀ ਨਾਲ ਸਾਰਾ ਪਰਿਵਾਰ ਹੀ ਪ੍ਰਰੇਸ਼ਾਨੀ ਝੱਲਣ ਲਈ ਮਜ਼ਬੂਰ ਹੁੰਦਾ ਹੈ।