ਅਮਨਦੀਪ ਸਿੰਘ, ਅੰਮਿ੍ਤਸਰ : ਕੋਰੋਨਾ ਵਾਇਰਸ ਦਾ ਕਹਿਰ ਵਿਸ਼ਵ ਭਰ 'ਚ ਆਪਣਾ ਕਹਿਰ 'ਚ ਮਚਾ ਰਿਹਾ ਹੈ, ਉਥੇ ਹੀ ਹਿੰਦੁਸਤਾਨ 'ਚ ਵੀ ਇਸ ਦੀ ਰਫਤਾਰ ਹਾਲੇ ਤੇਜੀ ਨਾਲ ਵਧ ਰਹੀ ਹੈ। ਇਸ ਵਾਇਰਸ ਦੀ ਲਪੇਟ ਤੋਂ ਕੋਈ ਵੀ ਵਰਗ ਬਚਿਆ ਨਹੀਂ ਹੈ। ਇਸੇ ਦੇ ਮੱਦੇਨਜ਼ਰ ਵਾਰਡ-77 ਦੇ ਕੌਂਸਲਰ ਊਸ਼ਾ ਰਾਣੀ ਦੇਵਗਨ ਦੇ ਪੁੱਤਰ ਵਿਰਾਟ ਦੇਵਗਨ ਨੇ ਇਕ ਨਵੀਂ ਪਹਿਲ ਕੀਤੀ ਹੈ। ਉਨ੍ਹਾਂ ਆਪਣੇ ਨਿੱਜੀ ਖਰਚੇ ਤੋਂ ਉਨ੍ਹਾਂ ਲੋੜਵੰਦਾਂ ਤੱਕ ਪਹੁੰਚ ਕੀਤੀ ਹੈ, ਜੋ ਇਸ ਰੋਗ ਦੇ ਬਾਰੇ 'ਚ ਹੋਰ ਬਿਮਾਰੀਆਂ ਦੇ ਹੁੰਦੇ ਹੋਏ ਆਪਣੇ ਰੋਗ ਦੀ ਪਛਾਣ ਨਹੀਂ ਕਰ ਸਕਦੇ। ਬੁੱਧਵਾਰ ਵਾਰਡ-77 ਦੇ ਇਲਾਕਿਆਂ 'ਚ ਪੁੱਜੇ ਵਿਰਾਟ ਦੇਵਗਨ ਤੇ ਉਨ੍ਹਾਂ ਦੀ ਟੀਮ 'ਚ ਸ਼ਾਮਲ ਡਾਕਟਰਾਂ ਨੇ ਲੋੜਵੰਦਾਂ ਜੋ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਹਨ, ਦੇ ਮੁਫਤ ਸੈਂਪਲ ਲਏ। ਇਨ੍ਹਾਂ ਟੈਸਟਾਂ ਵਿਚ ਹਾਰਟ ਲਿਪਿਡ ਪ੍ਰਰੋਫਾਇਲ, ਈਐੱਸਆਰ, ਸ਼ੂਗਰ, ਬਲੱਡ ਇਨਫੈਕਸ਼ਨ ਆਦਿ ਸ਼ਾਮਲ ਹਨ। ਵਿਰਾਟ ਦੇਵਗਨ ਨੇ ਕਿਹਾ ਕੋਰੋਨਾ ਦੀ ਇਸ ਸੰਕਟ ਦੀ ਘੜੀ ਵਿਚ ਉਨ੍ਹਾਂ ਦਾ ਇੱਕਮਾਤਰ ਉਦੇਸ਼ ਲੋੜਵੰਦਾਂ ਦੀ ਮਦਦ ਕਰਨਾ ਹੈ ਤੇ ਉਨ੍ਹਾਂ ਦੇ ਇਹ ਯਤਨ ਲਗਾਤਾਰ ਜਾਰੀ ਰਹਿਣਗੇ। ਜੇਕਰ ਇਨ੍ਹਾਂ ਯਤਨਾਂ ਨਾਲ ਲੋਕਾਂ ਨੂੰ ਆਪਣੀ ਬਿਮਾਰੀਆਂ ਬਾਰੇ ਪਤਾ ਚੱਲਦਾ ਹੈ ਤਾਂ ਉਸ ਰੋਗ ਦਾ ਇਲਾਜ ਠੀਕ ਸਮੇਂ 'ਤੇ ਕਰਵਾ ਸਕਣਗੇ। ਉਨ੍ਹਾਂ ਕਿਹਾ ਜੇਕਰ ਕੋਈ ਵੀ ਵਿਅਕਤੀ ਟੈਸਟ ਦੀ ਰਿਪੋਰਟ ਆਉਣ ਦੇ ਬਾਅਦ ਕਿਸੇ ਗੰਭੀਰ ਰੋਗ ਨੂੰ ਇਲਾਜ ਕਰਵਾਉਣ 'ਚ ਅਸਮਰਥ ਹੋਵੇਗਾ ਤਾਂ ਉਹ ਉਸ ਦੇ ਇਲਾਜ ਲਈ ਪੂਰਾ ਸਹਿਯੋਗ ਦੇਣਗੇ। ਦੇਵਗਨ ਨੇ ਕਿਹਾ ਪੰਜਾਬ ਸਰਕਾਰ ਵਲੋਂ ਵਿੱਢੀ ਗਈ ਮਿਸ਼ਨ ਫਤਹਿ ਤੇ ਹਲਕਾ ਪੱਛਮੀ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੀ ਪ੍ਰਰੇਰਨਾ ਸਦਕਾ ਉਨ੍ਹਾਂ ਨੂੰ ਸਮਾਜ ਪ੍ਰਤੀ ਕੀਤੇ ਜਾ ਰਹੇ ਆਪਣੇ ਫਰਜ਼ ਨੂੰ ਹੋਰ ਅੱਗੇ ਵਧਾਉਣ ਦਾ ਹੌਸਲਾ ਮਿਲਦਾ ਹੈ, ਉਹ ਆਪਣੀ ਵਾਰਡ 'ਚ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਲਈ ਦਿਨ ਰਾਤ ਮੌਜੂਦ ਰਹਿੰਦੇ ਹਨ। ਜਿਕਰਯੋਗ ਹੈ ਕਿ ਸਮਾਜ ਸੇਵਕ ਵਿਰਾਟ ਦੇਵਗਨ ਕੋਰੋਨਾ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਅਨੇਕਾਂ ਰਾਸ਼ਨ ਕਿੱਟਾਂ ਵੀ ਵੰਡ ਚੁੱਕੇ ਹਨ।