ਗਗਨਦੀਪ ਸਿੰਘ ਬੇਦੀ, ਅੰਮਿ੍ਤਸਰ : ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਯਤਨਾਂ ਸਦਕਾ ਹੀ ਕੋਟ ਮਿੱਤ ਸਿੰਘ ਵਾਲਾ ਅੰਮਿ੍ਤਸਰ-ਤਰਨਤਾਰਨ ਰੋਡ ਓਵਰਬਿ੍ਜ ਬਣ ਕੇ ਮੁਕੰਮਲ ਹੋਇਆ ਹੈ, ਜਿਸ ਦਾ ਸਿਹਰਾ ਲੈਣ 'ਚ ਹੁਣ ਕੇਂਦਰ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਤਰਲੋਮੱਛੀ ਹੋ ਰਿਹਾ ਹੈ। ਇਹ ਪ੍ਰਗਟਾਵਾ ਸੀਨੀਅਰ ਯੂਥ ਕਾਂਗਰਸੀ ਆਗੂ ਵਿੱਕੀ ਕੰਡਾ ਨੇ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕਿਹਾ ਜਦੋਂ ਤੱਕ ਤਾਂ ਓਵਰਬਿ੍ਜ ਦੇ ਵਿਕਾਸ ਦਾ ਕਾਰਜ ਚੱਲਦਾ ਸੀ ਤਾਂ ਉਸ ਵੇਲੇ ਵਿਕਾਸ ਕਾਰਜ ਚੱਲਣ ਦੌਰਾਨ ਲੋਕਾਂ ਨੂੰ ਆਵਾਜਾਈ ਵਿਚ ਆਉਣ ਵਾਲੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ 'ਤੇ ਵਿਰੋਧੀ ਪਾਰਟੀਆਂ ਸਿਆਸਤ ਕਰਦਿਆਂ ਕਾਂਗਰਸ 'ਤੇ ਭਾਂਡਾ ਭੰਨਦੇ ਸਨ ਤੇ ਜਦੋਂ ਹੁਣ ਇਹ ਓਵਰਬਿ੍ਜ ਬਣ ਕੇ ਮੁਕੰਮਲ ਹੋ ਗਿਆ ਹੈ ਤਾਂ ਕੇਂਦਰ ਸਰਕਾਰ ਤੇ ਪੰਜਾਬ 'ਚ 2017 ਚੋਣਾਂ 'ਚ ਨਕਾਰੀ ਗਈ ਸ਼੍ਰੋਮਣੀ ਅਕਾਲੀ ਦਲ ਇਸ ਓਵਰਬਿ੍ਜ ਦਾ ਸਿਹਰਾ ਲੈਣ ਲਈ ਤਰਲੋਮੱਛੀ ਹੋ ਰਹੇ ਹਨ। ਵਿੱਕੀ ਕੰਡਾ ਨੇ ਕਿਹਾ ਕਿ ਇਸ ਓਵਰਬਿ੍ਜ ਦੇ ਚੱਲਣ ਦਾ ਪਤਾ ਲੱਗਦੇ ਸਾਰ ਹੀ ਸ਼੍ਰੋਮਣੀ ਅਕਾਲੀ ਦਲ ਨੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਇਸ ਓਵਰਬਿ੍ਜ ਦਾ ਸਿਹਰਾ ਕੇਂਦਰ ਸਰਕਾਰ ਸਿਰ ਪਾਉਣਾ ਸ਼ੁਰੂ ਕਰ ਦਿੱਤਾ ਹੈ।

ਕੰਡਾ ਨੇ ਕਿਹਾ ਜੋ ਵੀ ਵਿਕਾਸ ਕਾਰਜ ਹਲਕੇ ਵਿਚ ਹੁੰਦਾ ਹੈ ਉਹ ਸਿਰਫ ਹਲਕਾ ਵਿਧਾਇਕ ਦੇ ਉੱਦਮਾਂ ਦਾ ਨਤੀਜਾ ਹੁੰਦਾ ਹੈ ਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤਾਂ ਉਹ ਨੇਤਾ ਹਨ, ਜਿਨ੍ਹਾਂ ਨੇ ਹਲਕਾ ਵਾਸੀਆਂ ਦੀ ਮੰਗ ਉੱਤੇ 2017 ਚੋਣਾ ਤੋਂ ਐਨ ਪਹਿਲਾਂ ਭਗਤਾਂ ਵਾਲਾ ਡੰਪ ਉੱਤੇ ਲੱਗਣ ਜਾ ਰਹੇ ਪਲਾਂਟ ਦਾ ਵਿਰੋਧ ਕਰਕੇ ਆਪਣੀ ਹੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਬਦੌਲਤ ਉਨ੍ਹਾਂ ਨੂੰ ਹਲਕਾ ਵਾਸੀਆਂ ਨੇ ਤੀਜੀ ਵਾਰ ਵਿਧਾਇਕ ਬਣਾਇਆ ਹੈ। ਇਸ ਮੌਕੇ ਸੀਨੀਅਰ ਯੂਥ ਕਾਂਗਰਸੀ ਆਗੂ ਵਿੱਕੀ ਕੰਡਾ ਦੇ ਨਾਲ ਰਣਜੀਤ ਸਿੰਘ ਧੁੰਨਾ, ਸਾਹਿਲ, ਰਾਣਾ, ਮੰਨਾ ਆਦਿ ਹਾਜ਼ਰ ਸਨ।