ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਤਾਰ ਲਾਕਡਾਊਨ ਤੋਂ 70 ਦਿਨਾਂ ਬਾਅਦ ਭਾਵੇਂ ਦੇਸ਼ ਅਨਲਾਕ ਹੋ ਗਿਆ ਹੈ, ਪਰ ਧਾਰਮਿਕ ਅਸਥਾਨ ਅਜੇ ਵੀ ਲਾਕ ਹੀ ਹਨ। ਲਾਕਡਾਊਨ ਕਾਰਨ ਇਨ੍ਹਾਂ 70 ਦਿਨਾਂ ਬਾਅਦ ਕਿਸ ਤਰਾਂ ਚੱਲੇਗੀ ਜਿੰਦਗੀ ਕਿ ਸੋਚਦੇ ਹਨ ਵਪਾਰੀ, ਦੁਕਾਨਦਾਰ, ਸਨਅਤਕਾਰ ਤੇ ਮਜਦੂਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਕੋਰੋਨਾ ਨਾਲ ਹਰੇਕ ਵਿਅਕਤੀ ਪ੍ਰਭਾਵਿਤ ਹੋਇਆ ਦਿਖਾਈ ਦੇ ਰਿਹਾ ਹੈ। ਕੇਂਦਰ ਸਰਕਾਰ ਨੇ ਪਹਿਲੀ ਜੂਨ ਨੂੰ ਦੇਸ਼ ਅਨਲਾਕ ਕਰ ਦਿੱਤਾ ਹੈ ਪਰ ਧਾਰਮਿਕ ਅਸਥਾਨ 8 ਜੂਨ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ, ਜਿਸ ਲਈ ਧਾਰਮਿਕ ਸਥਾਨਾਂ ਬਾਹਰ ਪੁਲਿਸ ਵੱਲੋਂ ਸੰਗਤ ਨੂੰ ਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ।

-- ਖੁੱਲ੍ਹ ਗਿਆ ਬਾਜ਼ਾਰ ਨਹੀਂ ਰਿਹਾ ਵਪਾਰ : ਨਰਿੰਦਰ ਸਿੰਘ

ਬੱਬੀ ਢਾਬੇ ਦੇ ਮਾਲਕ ਨਰਿੰਦਰ ਸਿੰਘ ਨੇ ਕਿਹਾ ਕਿ ਹਰੇਕ ਵਪਾਰੀ ਦੁਕਾਨਦਾਰ ਦੇਸ਼ ਤੇ ਸੂਬਾ ਚਲਾਉਣ ਲਈ ਸਰਕਾਰਾਂ ਦੀ ਟੈਕਸ ਅਤੇ ਰੁਜ਼ਗਾਰ ਪੈਦਾ ਕਰਕੇ ਮਦਦ ਕਰਦਾ ਹੈ। ਵਿਦੇਸ਼ਾਂ ਵਿਚ ਸਰਕਾਰ ਨੇ ਨਾਗਰਿਕਾਂ ਦੇ ਖਾਤਿਆਂ 'ਚ ਪੈਸੇ ਪਾਏ ਹਨ, ਇਥੇ ਤਾਂ ਸਰਕਾਰਾਂ ਆਪਣੇ ਖਾਤੇ ਵਿਚ ਪੈਸੇ ਪਾਉਣ ਲਈ ਕਹਿ ਰਹੀਆਂ ਹਨ। ਉਨ੍ਹਾਂ ਕਿਹਾ 'ਖੁੱਲ੍ਹ ਗਿਆ ਬਾਜ਼ਾਰ ਨਹੀਂ ਰਿਹਾ ਵਪਾਰ' ਸਰਕਾਰ ਦੀ ਨੀਤੀ ਨਿਯਮਾਂ ਅਨੁਸਾਰ ਕੰਮ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਢਾਬੇ, ਰੈਸਟੋਰੈਂਟ, ਹੋਟਲਾਂ ਆਦਿ ਵਿਚ ਬੈਠ ਕੇ ਖਾਣ ਦੀ ਇਜਾਜਤ ਹੀ ਨਹੀਂ ਹੈ। ਸਰਕਾਰ ਨੇ ਬਿਜਲੀ ਬਿੱਲ ਤੱਕ ਵੀ ਮਾਫ ਨਹੀਂ ਕੀਤੇ, ਲੇਬਰ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਹੈ।

-- ਪਰਵਾਸੀ ਮਜਦੂਰਾਂ ਨੂੰ ਪੰਜਾਬ ਤੋਂ ਰੋਜ਼ੀ ਦੀ ਆਸ ਟੁੱਟੀ : ਕਿ੍ਸ਼ਨ

ਰੇਲਵੇ ਸਟੇਸ਼ਨ ਦੇ ਬਾਹਰ ਆਪਣੇ ਸੂਬਿਆਂ ਨੂੰ ਵਾਪਸ ਜਾਣ ਲਈ ਦੋ-ਦੋ ਦਿਨ ਤੱਕ ਗੱਡੀ ਦਾ ਇੰਤਜ਼ਾਰ ਕਰ ਰਹੇ ਪਰਵਾਸੀ ਮਜਦੂਰ ਪਰਿਵਾਰਾਂ ਤੇ ਛੋਟੇ-ਛੋਟੇ ਬੱਚਿਆਂ ਨਾਲ ਡੇਰਾ ਜਮਾ ਕੇ ਬੈਠੇ ਹੋਏ ਹਨ। ਗੱਲਬਾਤ ਕਰਦਿਆਂ ਪ੍ਰਵਾਸੀ ਮਜਦੂਰ ਕਿ੍ਸ਼ਨ ਨੇ ਕਿਹਾ ਕੋਰੋਨਾ ਕਾਰਨ ਪੰਜਾਬ ਵਿਚ ਕੋਈ ਵੀ ਮਜ਼ਦੂਰੀ-ਦਿਹਾੜੀ ਨਹੀਂ ਮਿਲ ਰਹੀ, ਜਿਸ ਕਾਰਨ ਉਹ ਆਪਣੇ ਪਿੰਡ ਵਾਪਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ ਕੋਰੋਨਾ ਦਾ ਪ੍ਰਭਾਵ ਹੈ, ਪੰਜਾਬ ਤੋਂ ਰੋਜ਼ੀ ਕਮਾਉਣ ਦੀ ਆਸ ਟੁੱਟਦੀ ਨਜ਼ਰ ਆ ਰਹੀ ਹੈ। ਇਸ ਲਈ ਆਪਣੇ ਪਰਿਵਾਰ 'ਚ ਹੀ ਰਹਿਣ ਦਾ ਮਨ ਬਣਾਇਆ ਹੈ। ਪਰਵਾਸੀ ਮਜਦੂਰ ਰਾਮ ਸੁੰਦਰ ਨੇ ਕਿਹਾ ਕਿ ਰੋਜ਼ੀ ਕਮਾਉਣ ਲਈ ਪੰਜਾਬ ਆਏ ਹਨ ਪਰ ਕੋਰੋਨਾ ਕਾਰਨ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ, ਜਿਸ ਲਈ ਵਾਪਸ ਜਾ ਰਹੇ ਹਨ।

-- ਮਹੀਨੇ 'ਚ ਅੱਠ ਦਿਨ ਕੰਮ ਕਰਕੇ ਨਹੀਂ ਹੋਣਾ ਗੁਜਾਰਾ : ਮਹਾਜਨ

ਕੱਪੜਾ ਵਪਾਰੀ ਲਾਟੀ ਮਹਾਜਨ ਨੇ ਕਿਹਾ ਕੋਰੋਨਾ ਕਾਰਨ ਲੰਮਾ ਸਮਾਂ ਬਾਜ਼ਾਰ ਬੰਦ ਰਹੇ ਹਨ, ਜਿਸ ਨਾਲ ਵਪਾਰ ਬਹੁਤ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਖਰਚ ਜਿਆਦਾ ਹੋਣ ਕਾਰਨ ਗੁਜਾਰਾ ਕਰਨਾ ਵੀ ਮੁਸ਼ਕਲ ਹੈ, ਕਿਉਂਕਿ ਮਹੀਨੇ ਵਿਚ 8 ਦਿਨ ਕੰਮ ਕਰਨ ਨਾਲ ਖਰਚੇ ਪੂਰੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਬਾਜ਼ਾਰ ਖੋਲ੍ਹਣ ਲਈ ਸਰਕਾਰ ਨੇ ਏਬੀਸੀ, ਸੱਜਾ ਪਾਸਾ-ਖੱਬਾ ਪਾਸਾ ਤੇ ਸਮਾਂ ਹੱਦ ਵੀ ਤਹਿ ਕੀਤੀ ਹੈ, ਜਿਸ ਲਈ ਦੂਰੋਂ ਆਉਂਣ ਵਾਲੇ ਗਾਹਕ ਨੂੰ ਮੁਸ਼ਕਲ ਹੈ ਤੇ ਸ਼ਹਿਰ ਵਿਚ ਕੋਈ ਵੀ ਟੂਰਿਸਟ ਵੀ ਨਹੀਂ ਆ ਸਕਦਾ। ਉਨ੍ਹਾਂ ਕਿਹਾ ਵਪਾਰ ਕਰਨਾ ਮੁਸ਼ਕਲ ਹੀ ਹੈ ਲੱਗਦਾ ਕੋਰੋਨਾ ਹੁਣ ਜਿੰਦਗੀ ਦਾ ਹਿੱਸਾ ਬਣ ਗਿਆ।

-- ਕਮਾਉ ਪੁੱਤ ਸਨਅਤਕਾਰਾਂ ਨੂੰ ਮੁੜ ਸੁਰਜੀਤ ਕਰੇ ਸਰਕਾਰ : ਅਗਰਵਾਲ

ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਕਿਸ਼ੋਰ ਅਗਰਵਾਲ ਨੇ ਕਿਹਾ ਸਰਕਾਰ ਕਮਾਉ ਪੁੱਤ ਸਨਅਤਕਾਰਾਂ ਨੂੰ ਮੁੜ ਸੁਰਜੀਤ ਕਰੇ। ਉਨ੍ਹਾਂ ਕਿਹਾ ਸਰਕਾਰ ਹਮੇਸ਼ਾ ਹੀ ਸਨਤਕਾਰਾਂ ਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ, ਜਿਸ ਲਈ ਕਈ ਤਰਾਂ ਦੇ ਟੈਕਸਾਂ ਵਿਚ ਕਟੌਤੀ ਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਜਦੋਂ ਕੋਈ ਵੀ ਇੰਡਸਟਰੀ ਕੰਮ ਕਰਦੀ ਹੈ ਤਾਂ ਹੋਣ ਵਾਲੇ ਵਪਾਰ ਵਿਚ ਸਰਕਾਰ ਦਾ ਮੁਨਾਫਾ ਬਤੌਰ ਟੈਕਸ ਦੇ ਰੂਪ ਵਿਚ ਵੀ ਜਮਾਂ ਹੁੰਦਾ ਹੈ ਅਤੇ ਰੁਜ਼ਗਾਰ ਵੀ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਜੋ ਹਾਲਾਤ ਹਨ 20 ਫ਼ੀਸਦੀ ਹੀ ਕੰਮ ਰਹਿ ਗਿਆ ਹੈ, ਜਦਕਿ ਖਰਚੇ 100 ਫ਼ੀਸਦੀ ਪੈ ਰਹੇ ਹਨ। ਨਾ ਤਾਂ ਬਾਹਰੋਂ ਮਾਲ ਆ ਰਿਹਾ ਹੈ ਤੇ ਨਾ ਹੀ ਬਾਹਰ ਮਾਲ ਜਾ ਰਿਹਾ ਹੈ।