ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਦੌਰਾਨ ਡਿਊਟੀ ਦੇ ਪ੍ਰਤੀ ਅਸੰਵੇਦਨਸ਼ੀਲ ਹੋਣਾ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੂੰ ਮਹਿੰਗਾ ਪਿਆ। ਸਿਹਤ ਵਿਭਾਗ ਨੇ ਉਨ੍ਹਾਂ ਨੂੰ ਅੰਮਿ੍ਤਸਰ ਤੋਂ ਹਟਾ ਕੇ ਫਤਿਹਗੜ੍ਹ ਸਾਹਿਬ ਭੇਜ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਐੱਨਕੇ ਅਗਰਵਾਲ ਨੂੰ ਅੰਮਿ੍ਤਸਰ ਲਾਇਆ ਗਿਆ ਹੈ। ਦਰਅਸਲ, ਡਾ. ਜੁਗਲ ਕਿਸ਼ੋਰ ਦੀ ਕਾਰਜ ਪ੍ਰਣਾਲੀ ਤੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਤੇ ਸਿਵਲ ਸਰਜਨ ਦਫ਼ਤਰ ਸਟਾਫ ਅਸੰਤੁਸ਼ਟ ਸੀ। ਉਨ੍ਹਾਂ 'ਤੇ ਦੋਸ਼ ਲੱਗਦੇ ਰਹੇ ਕਿ ਉਹ ਕੋਰੋਨਾ ਕਾਲ ਵਿਚ ਸ਼ਾਮ ਪੰਜ ਵਜੇ ਦੇ ਬਾਅਦ ਘਰ ਚਲੇ ਜਾਂਦੇ ਹਨ। ਉਨ੍ਹਾਂ ਦਾ ਹੇਠਲਾ ਸਟਾਫ ਦੇਰ ਰਾਤ ਤੱਕ ਫੀਲਡ 'ਚ ਕੰਮ ਕਰਦਾ ਹੈ। ਪਰ ਉਹ ਸ਼ਾਮ ਨੂੰ ਵਿਭਾਗੀ ਕੰਮਕਾਜ ਨਹੀਂ ਕਰਦੇ। ਉਥੇ ਸਿਵਲ ਹਸਪਤਾਲ 'ਚ ਕਾਰਜਅਧੀਨ ਮਾਇਕਰੋ ਬਾਇਓਲਾਜਿਸਟ ਡਾ. ਬੇਬਿਕਾ ਮਹਿੰਦਰੂ ਨਾਲ ਡਾ. ਜੁਗਲ ਕਿਸ਼ੋਰ ਦਾ ਵਿਵਾਦ ਵੀ ਇਕ ਵੱਡੀ ਵਜ੍ਹਾ ਰਿਹਾ। ਡਾ. ਬੇਬਿਕਾ ਕੋਵਿਡ-19 ਸੈਂਪਲ ਕਲੈਕਟ ਕਰਦੇ ਸਨ। ਉਨ੍ਹਾਂ ਦਾ ਦੋਸ਼ ਸੀ ਕਿ ਸਿਵਲ ਸਰਜਨ ਉਨ੍ਹਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਹਨ। ਕੋਰੋਨਾ ਦੌਰਾਨ ਉਨ੍ਹਾਂ ਨੂੰ ਵਿਭਾਗੀ ਕੰਮ ਕਰਵਾਏ ਜਾ ਰਹੇ ਹਨ, ਜਦਕਿ ਉਨ੍ਹਾਂ ਦਾ ਅਸਲ ਕੰਮ ਮਰੀਜ਼ਾਂ ਦੇ ਸੈਂਪਲ ਕਲੈਕਟ ਕਰਨਾ ਹੈ। ਡਾ. ਬੇਬਿਕਾ ਪੀਪੀਈ ਕਿਟਸ ਪਹਿਨ ਕੇ ਮਰੀਜ਼ ਦਾ ਸੈਂਪਲ ਲੈਂਦੇ ਸਮੇਂ ਬੇਹੋਸ਼ ਹੋ ਗਏ ਸੀ। ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪੱਜਾ ਸੀ। ਮੁੱਖ ਮੰਤਰੀ ਨੇ ਤਾਂ ਉਦੋਂ ਡਾ. ਜੁਗਲ ਨੂੰ ਹਟਾਉਣਾ ਚਾਹੁੰਦੇ ਸਨ ਪਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਸ ਸਮੇਂ ਅਜਿਹਾ ਨਹੀਂ ਹੋਣ ਦਿੱਤਾ। ਸਿੱਧੂ ਦਾ ਕਹਿਣਾ ਸੀ ਕਿ ਕੋਰੋਨਾ ਕਾਲ ਵਿਚ ਅਜਿਹਾ ਕਰਨ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਹੈ। ਵੀਰਵਾਰ ਸਿਹਤ ਵਿਭਾਗ ਨੇ ਡਾ. ਜੁਗਲ ਕਿਸ਼ੋਰ ਦੇ ਤਬਾਦਲੇ ਆਦੇਸ਼ ਭੇਜ ਦਿੱਤੇ। ਡਾ. ਜੁਗਲ ਕਿਸ਼ੋਰ ਨਾਲ ਸੰਪਰਕ ਕਰਨ ਦੇ ਲਈ ਕਈ ਵਾਰ ਫੋਨ ਕੀਤਾ ਗਿਆ, ਪਰ ਉਨ੍ਹਾਂ ਨੇ ਫੋਨ ਰਿਸੀਵ ਨਹੀਂ ਕੀਤਾ।

-- ਘਰ ਬੈਠ ਕੇ ਹਸਪਤਾਲ ਚਲਾ ਰਹੀ ਐੱਸਐੱਮਓ ਮੁਅੱਤਲ

ਕੰਮਿਊਨਿਟੀ ਹੈਲਥ ਸੈਂਟਰ ਥਰੀਏਵਾਲ 'ਚ ਕਾਰਜ ਅਧੀਨ ਐੱਸਐੱਮਓ ਡਾ. ਸਿਮਰਤ ਕੌਰ ਨੂੰ ਸਿਹਤ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਚੰਡੀਗੜ ਸਥਿਤ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਦਫ਼ਤਰ ਹੋਵੇਗਾ। ਡਾ. ਸਿਮਰਤ ਕੌਰ 'ਤੇ ਦੋਸ਼ ਹੈ ਕਿ ਉਹ ਹਸਪਤਾਲ 'ਚ ਆਉਂਦੇ ਨਹੀਂ ਸੀ। ਘਰ ਬੈਠ ਕੇ ਹੀ ਹਸਪਤਾਲ ਚਲਾ ਰਹੇ ਸੀ। ਇਸ ਦੀ ਪਿੰਡ ਵਾਸੀਆਂ ਨੇ ਬਕਾਇਦਾ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ। ਸੰਸਦ ਮੈਂਬਰ ਗੁਰਜੀਤ ਸਿੰਘ ਅੌਜਲਾ ਥਰੀਏਵਾਲ ਗਏ ਸਨ। ਤਦ ਵੀ ਐੱਸਐੱਮਓ ਹਸਪਤਾਲ 'ਚ ਨਹੀਂ ਮਿਲੇ। ਸਮੇਂ-ਸਮੇਂ 'ਤੇ ਸਿਵਲ ਸਰਜਨ ਨੇ ਵੀ ਇੱਥੇ ਛਾਪਾ ਮਾਰਿਆ ਪਰ ਐੱਸਐੱਮਓ ਲਾਪਤਾ ਪਾਈ ਗਈ। ਅਜਿਹੇ ਵਿਚ ਸਿਹਤ ਵਿਭਾਗ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ।