ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ 19 ਦੇ ਚੱਲਦੇ ਲਾਕਡਾਊਨ 30 ਜੂਨ ਤੱਕ ਵਧਾਉਣ ਦੇ ਦਿੱਤੇ ਗਏ ਫੈਸਲੇ ਤੋਂ ਬਾਅਦ ਗ੍ਹਿ ਤੇ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਬਾਰੇ ਬੋਲਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਿਢੱਲੋਂ ਨੇ ਸਪੱਸ਼ਟ ਕੀਤਾ ਹੈ ਕਿ ਕੰਟੇਨਮੈਂਟ ਜੋਨ ਨੂੰ ਛੱਡ ਕੇ ਬਾਕੀ ਥਾਵਾਂ ਉਤੇ ਨਵੀਆਂ ਰਿਆਇਤਾਂ ਲਾਗੂ ਹੋਣਗੀਆਂ। ਰਾਤ ਦਾ ਕਰਫਿਊ ਹੁਣ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਕੇਵਲ ਰੇਲ ਤੇ ਹਵਾਈ ਯਾਤਰਾ ਉਤੇ ਜਾਣ ਵਾਲੇ ਮੁਸਾਫਰਾਂ ਦੀ ਟਿਕਟਾਂ ਉਨਾਂ ਦਾ ਕਰਫਿਊ ਪਾਸ ਮੰਨਿਆ ਜਾਵੇਗਾ, ਇਸ ਤੋਂ ਇਲਾਵਾ ਬਾਹਰ ਨਿਕਲਣ ਲਈ ਕਰਫਿਊ ਪਾਸ ਜਰੂਰੀ ਹੋਵੇਗਾ। ਉਨ੍ਹਾਂ ਕਿਹਾ ਬਿਨਾਂ ਮਾਸਕ ਘੁੰਮਣ ਤੇ ਭੀੜ ਇਕੱਠੀ ਹੋਣ ਦੀ ਸੂਰਤ ਵਿਚ ਪੁਲਿਸ ਵੱਲੋਂ ਚਲਾਨ ਕੱਟਣ ਦੇ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜਿੱਥੇ ਸਾਡੇ ਸ਼ਹਿਰ ਦੇ ਜ਼ਿੰਮੇਵਾਰ ਲੋਕ ਸਰਕਾਰ ਦੀਆਂ ਹਦਾਇਤਾਂ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਵਾਇਰਸ ਨੂੰ ਫੈਲਣ ਤੋਂ ਰੋਕ ਰਹੇ ਹਨ, ਉਥੇ ਅਫਸੋਸ ਵਾਲੀ ਗੱਲ ਹੈ ਕਿ ਕੁੱਝ ਲੋਕ ਬਿਨਾਂ ਵਜ੍ਹਾ ਬਾਹਰ ਘੁੰਮਦੇ ਹਨ, ਬਾਜ਼ਾਰਾਂ 'ਚ ਨਿੱਜੀ ਦੂਰੀ ਦਾ ਧਿਆਨ ਨਹੀਂ ਰੱਖਦੇ ਤੇ ਮਾਸਕ ਵੀ ਨਹੀਂ ਪਾਉਂਦੇ। ਉਨ੍ਹਾਂ ਕਿਹਾ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਦੀਆਂ ਹਦਾਇਤਾਂ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਜ਼ਾਰਾਂ ਵਿਚ ਭੀੜ ਨੂੰ ਰੋਕਣ ਲਈ ਤਿੰਨ ਗਰੁੱਪ ਬਣਾ ਕੇ ਦੁਕਾਨਾਂ ਖੁੱਲ੍ਹਣਗੀਆਂ। ਸਾਰੇ ਬਾਜ਼ਾਰ ਇਕੋ ਵੇਲੇ ਨਹੀਂ ਖੁੱਲ੍ਹ ਸਕਣਗੇ। ਅੰਦਰਲੇ ਅਤੇ ਭੀੜੇ ਬਾਜ਼ਾਰਾਂ ਵਿਚੋਂ ਇਕ-ਇਕ ਗਰੁੱਪ ਹੀ ਖੁੱਲੇਗਾ। ਵੱਡੇ ਬਾਜ਼ਾਰ ਵੀ ਪਹਿਲਾਂ ਦੀ ਤਰ੍ਹਾਂ ਇਕ ਸਮੇਂ ਇਕ ਪਾਸਾ ਹੀ ਖੁੱਲ੍ਹ ਸਕੇਗਾ। ਉਨ੍ਹਾਂ ਦੱਸਿਆ ਕਿ ਡੀਸੀਪੀ ਪੁਲਿਸ ਇਸ ਨੂੰ ਲਾਗੂ ਕਰਵਾਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਨਵੀਆਂ ਹਦਾਇਤਾਂ ਅਨੁਸਾਰ ਸਿਨੇਮਾ ਘਰ, ਜਿੰਮਨੇਜੀਅਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥਿਏਟਰ, ਬਾਰ, ਆਡੀਟੋਰੀਅਮ ਆਦਿ ਬੰਦ ਰਹਿਣਗੇ। ਕਿਸੇ ਵੀ ਤਰ੍ਹਾਂ ਦੇ ਇਕੱਠ 'ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਦੱਸਿਆ ਸੜਕ ਤੇ ਜਨਤਕ ਸਥਾਨਾਂ ਉਤੇ ਥੁੱਕਣ ਉਤੇ ਹੋਵੇਗੀ ਸਖਤ ਕਾਰਵਾਈ ਤੇ ਵਿਆਹਾਂ ਮੌਕੇ ਵੀ 50 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਤੇ ਰੋਕ ਹੋਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ, ਤਾਂ ਜੋ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।