ਗੌਰਵ ਜੋਸ਼ੀ, ਰਈਆ : ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ 'ਚ ਕੁਝ ਦਿਨ ਪਹਿਲਾਂ ਹੋਰਾਂ ਸੂਬਿਆਂ 'ਚ ਨੌਕਰੀ ਕਰਦੇ ਸਥਾਨਕ ਕਸਬਾ ਰਈਆ ਤੇ ਨੇੜਲੇ ਪਿੰਡਾਂ ਦੇ ਨੌਜਵਾਨ ਆਪਣੇ ਘਰਾਂ ਨੂੰ ਪਰਤੇ ਸਨ ਤੇ ਉਨ੍ਹਾਂ ਦੇ ਕੋਰੋਨਾ ਵਾਇਰਸ ਕਾਰਨ ਟੈਸਟ ਲਏ ਗਏ ਸੀ, ਜਿਨ੍ਹਾਂ 'ਚੋਂ ਪੰਜ ਕੋਰੋਨਾ ਦੇ ਮਰੀਜ਼ ਪਾਏ ਗਏ ਸਨ। ਇਨ੍ਹਾਂ 'ਚੋਂ ਇਕ ਨੌਜਵਾਨ ਰਈਆ ਦਾ ਵਸਨੀਕ ਵੀ ਸੀ। ਸਾਰੇ ਮਰੀਜ਼ਾਂ ਨੂੰ ਡਾਕਟਰਾਂ ਦੀ ਟੀਮ ਹਸਪਤਾਲ ਵਿਚ ਲੈ ਗਈ ਸੀ, ਪਰ ਉਨ੍ਹਾਂ ਨੂੰ ਲੈ ਕੇ ਜਾਣ ਤੋਂ ਬਾਅਦ ਸਥਾਨਕ ਕਸਬੇ ਵਿਚ ਅਫਵਾਹਾਂ ਦਾ ਜੋਰ ਫੜ ਲਿਆ। ਬੀਤੇ ਦਿਨ ਇਕ ਵਿਅਕਤੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ, ਤਾਂ ਅਫਵਾਹਾਂ ਫੈਲ ਗਈਆਂ ਕਿ ਇਹ ਮੌਤ ਕੋਰੋਨਾ ਵਾਇਰਸ ਨਾਲ ਹੋਈ ਹੈ, ਜਿਸ ਕਾਰਨ ਸਰਕਾਰੀ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਵੀ ਇਹ ਚੈੱਕ ਕਰਨ ਪਹੁੰਚੀ ਸੀ। ਫਿਰ ਵੀ ਪਰਿਵਾਰਕ ਮੈਂਬਰਾਂ ਦੇ ਟੈਸਟ ਲਏ ਜਾਣਗੇ। ਪਰ ਅਫਵਾਹਾਂ ਫੈਲਣ ਕਾਰਨ ਰਈਆ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਸਬੰਧੀ ਐੱਸਡੀਐੱਮ ਬਾਬਾ ਬਕਾਲਾ ਸਾਹਿਬ ਮੇਜਰ ਡਾ. ਸੁਮਿਤ ਮੁੱਧ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਫਵਾਹ 'ਤੇ ਭਰੋਸਾ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਫਵਾਹ ਫੈਲਾਉਂਦਾ ਹੋਇਆ ਫੜਿਆ ਗਿਆ ਤੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਜਰ ਡਾ. ਸੁਮਿਤ ਮੁੱਧ ਨੇ ਕਸਬਾ ਰਈਆ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜਿਸ ਤਰੀਕੇ ਨਾਲ ਏ ਤੇ ਬੀ ਗਰੁੱਪ ਨਾਲ ਦੁਕਾਨਾਂ ਖੁੱਲ੍ਹ ਰਹੀਆਂ ਹਨ, ਉਸੇ ਤਰ੍ਹਾਂ ਹੀ ਖੁੱਲਣੀਆਂ ਹਨ, ਜਦ ਦੁਕਾਨਾਂ ਦਾ ਸਮਾਂ ਬਦਲਿਆ ਜਾਵੇਗਾ ਤਾਂ ਦੁਕਾਨਦਾਰਾਂ ਨੂੰ ਦੱਸ ਦਿੱਤਾ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਕਿਹਾ ਕਿਸੇ ਤਰ੍ਹਾਂ ਦੀ ਅਫਵਾਹ ਤੇ ਵਿਸ਼ਵਾਸ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡਾਕਟਰ, ਪੁਲਿਸ ਪ੍ਰਸ਼ਾਸਨ ਸਾਰੇ ਆਪਣੇ ਕੰਮ ਬਹੁਤ ਵਧਿਆ ਢੰਗ ਨਾਲ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਬਿਨਾਂ ਕੰਮ ਕੋਈ ਵੀ ਘਰੋ ਬਾਹਰ ਨਾ ਆਵੇ ਜੇ ਕਿਸੇ ਨੂੰ ਕੋਈ ਜਰੂਰੀ ਕੰਮ ਹੈ ਤਾਂ ਉਹ ਮਾਸਕ ਪਾ ਕੇ ਘਰੋਂ ਨਿਕਲੇ।