ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸਿਹਤ ਵਿਭਾਗ ਵੱਲੋਂ ਪੰਜਾਬ ਵਾਸੀਆਂ ਨੂੰ ਕੋਵਿਡ-19 ਤੋਂ ਬਚਾਉਣ ਲਈ ਜਨਤਕ ਥਾਵਾਂ ਉਤੇ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ, ਤਾਂ ਕਿ ਵਾਇਰਸ ਦਾ ਫੈਲਾਅ ਨਾ ਹੋਵੇ। ਜੋ ਵਿਅਕਤੀ ਜਨਤਕ ਸਥਾਨ ਜਿਨਾਂ ਵਿਚ ਸੜਕਾਂ, ਗਲੀਆਂ, ਹਸਪਤਾਲ, ਦਫਤਰ, ਬਾਜ਼ਾਰ ਆਦਿ ਸ਼ਾਮਲ ਹਨ, ਮਾਸਕ ਨਹੀਂ ਪਾਵੇਗਾ, ਉਸਦਾ ਚਲਾਨ ਕੱਟਿਆ ਜਾਵੇਗਾ। ਉਕਤ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਿਢੱਲੋਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਾਰੀ ਕੀਤੀਆਂ ਹਦਾਇਤਾਂ ਅਨੁਸਾਰ ਮਾਸਕ ਨਾ ਪਾਉਣ ਉੱਤੇ 500 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ ਤੇ ਇਹ ਚਲਾਨ ਬੀਡੀਪੀਓ, ਨਾਇਬ ਤਹਿਸੀਲਦਾਰ, ਏਐਸਆਈ ਜਾਂ ਇਨਾਂ ਤੋਂ ਵੱਡਾ ਕੋਈ ਵੀ ਅਧਿਕਾਰੀ ਤੇ ਨਿਗਮ ਵੱਲੋਂ ਨਿਯੁਕਤ ਕੀਤੇ ਅਧਿਕਾਰੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਨਤਕ ਥਾਵਾਂ ਉਤੇ ਥੁੱਕਣ ਉੱਤੇ 500 ਰੁਪਏ ਤੇ ਘਰ ਵਿਚ ਇਕਾਂਤਵਾਸ ਕੀਤਾ ਗਿਆ ਵਿਅਕਤੀ ਜੇਕਰ ਇਕਾਂਤਵਾਸ ਦੀ ਉਲੰਘਣਾ ਕਰਦਾ ਹੈ ਤਾਂ 2000 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਜਿਨਾਂ ਦੁਕਾਨਾਂ ਜਾਂ ਕਮਰਸ਼ੀਅਲ ਥਾਵਾਂ ਤੇ ਸੋਸ਼ਲ ਡਿਸਟੈਂਸ ਦੀ ਉਲੰਘਣਾ ਹੋਣ ਤੇ 2000 ਰੁਪਏ ਜੁਰਮਾਨਾ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਇਸ ਖਤਰਨਾਕ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਈ ਵੀ ਨਾਗਰਿਕ ਘਰ ਤੋਂ ਬਾਹਰ ਨਿਕਲਣ ਲੱਗਿਆ ਮਾਸਕ ਦੀ ਵਰਤੋਂ ਜ਼ਰੂਰ ਕਰੇ ਤੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨਾਂ ਦੱਸਿਆ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਉਲੰਘਣਾ ਹੋਣ ਤੇ ਬੱਸਾਂ ਨੂੰ 3 ਹਜ਼ਾਰ ਰੁਪਏ, ਕਾਰ ਚਾਲਕ ਨੂੰ 2 ਹਜ਼ਾਰ ਰੁਪਏ, ਆਟੋ ਰਿਕਸ਼ਾ, ਟੂ ਵੀਲਰ ਨੂੰ 500 ਰੁਪਏ ਦਾ ਚਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਗੱਡੀ ਜਾਂ ਮੋਟਰ ਸਾਈਕਲ ਉਤੇ ਸਫਰ ਕਰਦਾ ਵਿਅਕਤੀ, ਦਫਤਰਾਂ ਤੇ ਫੈਕਟਰੀਆਂ ਵਿਚ ਕੰਮ ਕਰਦੇ ਸਾਰੇ ਕਾਮੇ ਵੀ ਹਰ ਹਾਲਤ ਮਾਸਕ ਪਾਉੁਣ। ਉਨਾਂ ਕਿਹਾ ਮਾਸਕ ਸਧਾਰਨ ਕੱਪੜੇ ਦਾ ਘਰ ਦਾ ਬਣਿਆ ਵੀ ਹੋ ਸਕਦਾ ਹੈ, ਜੋ ਕਿ ਧੋਣ ਯੋਗ ਹੋਵੇ। ਇਸ ਤੋਂ ਇਲਾਵਾ ਮਾਸਕ ਨਾ ਹੋਣ ਦੀ ਸੂਰਤ ਵਿਚ ਰੁਮਾਲ, ਦੁਪੱਟਾ, ਸਟੋਲ ਆਦਿ ਦੀ ਵਰਤੋਂ ਵੀ ਮੂੰਹ ਢੱਕਣ ਲਈ ਕੀਤੀ ਜਾ ਸਕਦੀ ਹੈ।

ਉਨ੍ਹਾਂ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਵਿਅਕਤੀ ਜਨਤਕ ਸਥਾਨਾਂ ਉਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਉਸ ਦਾ ਮਹਾਮਾਰੀ ਕਾਨੂੰਨ ਦੀ ਧਾਰਾਵਾਂ ਅਨੁਸਾਰ ਚਲਾਨ ਕੱਟਿਆ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।