ਜੇਐੱਨਐੱਨ, ਅੰਮਿ੍ਤਸਰ : ਵੇਰਕਾ-ਮਜੀਠਾ ਬਾਈਪਾਸ ਰੋਡ ਨੂੰ ਬਾਹਰਲੇ ਸੂਬਿਆਂ ਦੇ ਮਜ਼ਦੂਰਾਂ ਨੇ ਘਰ ਵਾਪਸੀ ਦੀ ਮੰਗ ਨੂੰ ਲੈ ਕੇ ਜਾਮ ਕਰ ਦਿੱਤਾ। ਕਰੀਬ ਤਿੰਨ ਘੰਟੇ ਤਕ ਆਵਾਜਾਈ ਠੱਪ ਰਹੀ। ਇਹ ਸੜਕ ਜਾਮ ਸਵੇਰੇ ਪੰਜ ਵਜੇ ਤੋਂ ਲੈ ਕੇ ਅੱਠ ਵਜੇ ਤਕ ਰਿਹਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਪਰਵਾਸੀ ਵਿੰਗ ਦੇ ਪ੍ਰਧਾਨ ਮਹੇਸ਼ ਵਰਮਾ ਨੇ ਕਿਹਾ ਅੰਮਿ੍ਤਸਰ ਵਿਚ ਢਾਈ ਲੱਖ ਤੋਂ ਜ਼ਿਆਦਾ ਬਾਹਰਲੇ ਸੂਬਿਆਂ ਦੇ ਮਜ਼ਦੂਰ ਰਹਿੰਦੇ ਹਨ। ਕੋਰੋਨਾ ਵਾਇਰਸ ਕਾਰਨ ਲਾਏ ਗਏ ਲਾਕਡਾਊਨ ਦੇ ਚੱਲਦਿਆਂ ਮਜ਼ਦੂਰਾਂ ਦਾ ਜੀਊਣਾ ਅੌਖਾ ਹੋ ਗਿਆ ਹੈ। ਕੰਮਕਾਜ਼ ਬੰਦ ਹੋਣ ਕਾਰਨ ਉਨ੍ਹਾਂ ਕੋਲ ਜੋ ਪੂੰਜੀ ਜਮ੍ਹਾਂ ਸੀ, ਉਹ ਵੀ ਖ਼ਰਚ ਹੋ ਗਈ ਹੈ।

ਖਾਣ-ਪੀਣ ਦੀ ਮੁਸ਼ਕਲ ਆ ਰਹੀ ਹੈ ਜਿਸ ਦੇ ਚਲਦਿਆਂ ਮਜ਼ਦੂਰ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ। ਇਨ੍ਹਾਂ 'ਚੋਂ 65 ਹਜ਼ਾਰ ਮਜ਼ਦੂਰਾਂ ਨੇ ਜਾਣ ਲਈ ਰਜਿਸਟਰੇਸ਼ਨ ਕਰਵਾਈ ਸੀ ਤੇ 35 ਹਜ਼ਾਰ ਦੇ ਕਰੀਬ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ, ਜਦਕਿ 40 ਹਜ਼ਾਰ ਦੇ ਕਰੀਬ ਘਰ ਜਾਣ ਦੀ ਉਡੀਕ ਕਰ ਰਹੇ ਹਨ। ਲਾਕਡਾਊਨ ਦੇ ਚਲਦਿਆਂ ਕਈ ਮਜ਼ਦੂਰ ਜੋ ਕਿਰਾਏ ਉੱਤੇ ਰਹਿੰਦੇ ਸਨ, ਨੂੰ ਮਕਾਨ ਮਾਲਕਾਂ ਨੇ ਘਰ ਤੋਂ ਕੱਢ ਦਿੱਤਾ ਹੈ। ਵਰਮਾ ਨੇ ਕਿਹਾ ਪ੍ਰਸ਼ਾਸਨ ਵੱਲੋਂ ਇਕ ਵਾਰ ਵਿਚ ਰੋਜ਼ਾਨਾ 1200 ਮਜ਼ਦੂਰਾਂ ਨੂੰ ਬੱਸਾਂ ਰਾਹੀਂ ਘਰ ਭੇਜਿਆ ਜਾ ਰਿਹਾ ਹੈ। ਇਸ ਤਰ੍ਹਾਂ ਮਜ਼ਦੂਰਾਂ ਨੂੰ ਘਰ ਜਾਣ ਲਈ ਢਾਈ ਮਹੀਨੇ ਤੋਂ ਵੀ ਵੱਧ ਸਮਾਂ ਇੰਤਜਾਰ ਕਰਨਾ ਪਵੇਗਾ। ਇਸ ਦੌਰਾਨ ਉਨ੍ਹਾਂ ਨੂੰ ਖਾਣ-ਪੀਣ ਤੇ ਖ਼ਰਚੇ ਲਈ ਪੈਸੇ ਵੀ ਚਾਹੀਦੇ ਹਨ ਜੋਕਿ ਉਨ੍ਹਾਂ ਕੋਲ ਨਹੀਂ ਹਨ ਤੇ ਨਾ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਗੁਜ਼ਰ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਭੇਜੀ ਜਾਣ ਵਾਲੀ ਰਾਸ਼ਨ ਸਮੱਗਰੀ ਕਿਸੇ ਨੂੰ ਨਹੀਂ ਮਿਲੀ। ਜਾਣਕਾਰੀ ਮਿਲਣ ਉੱਤੇ ਏਸੀਪੀ (ਉੱਤਰੀ) ਸਰਬਜੀਤ ਸਿੰਘ ਬਾਜਵਾ ਤੇ ਏਸੀਪੀ (ਕਰਾਈਮ) ਮੌਕੇ ਉੱਤੇ ਪੁੱਜੇ ਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਘਰ ਜਾਣ ਦਾ ਪ੍ਰਬੰਧ ਕੀਤਾ ਜਾਵੇਗਾ।