ਜੇਐੱਨਐੱਨ, ਅੰਮਿ੍ਤਸਰ : ਕੋਟ ਖ਼ਾਲਸਾ ਚੌਕ ਵਿਚ ਏਸੀ ਤੇ ਕਰਿਆਨੇ ਦੀ ਦੁਕਾਨ ਕਰਨ ਵਾਲੇ ਗੁਰਦੇਵ ਸਿੰਘ (65) ਨੇ ਕੋਟ ਖ਼ਾਲਸਾ ਪੁਲਿਸ 'ਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਬਜ਼ੁਰਗ ਨੇ ਦੱਸਿਆ ਸ਼ੁੱਕਰਵਾਰ ਦੁਕਾਨ ਖੋਲ੍ਹਦਿਆਂ ਹੀ ਇਕ ਏਐੱਸਆਈ ਤੇ ਚਾਰ ਵਾਲੰਟੀਅਰਾਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ। ਮੌਕੇ ਉੱਤੇ ਮੌਜੂਦ ਕੁਝ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਪੁਲਿਸ ਉਨ੍ਹਾਂ ਦੇ ਮੋਬਾਈਲ ਖੋਹ ਲਏ। ਫਿਲਹਾਲ ਜ਼ਖ਼ਮੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਧਰ, ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।

ਜਾਣਕਾਰੀ ਦਿੰਦੇ ਹੋਏ ਜਗਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਦੇਵ ਸਿੰਘ ਤੇ ਮਾਂ ਅਸ਼ਵਿੰਦਰ ਕੌਰ ਕੋਟ ਖ਼ਾਲਸਾ ਚੌਕ ਵਿਚ ਏਸੀ ਤੇ ਕਰਿਆਨੇ ਦੀ ਦੁਕਾਨ ਕਰਦੇ ਹਨ। ਵੀਰਵਾਰ ਉਨ੍ਹਾਂ ਦੁਕਾਨ ਖੋਲ੍ਹੀ ਸੀ ਪਰ ਪੁਲਿਸ ਨੇ ਦੁਕਾਨ ਬੰਦ ਕਰਵਾ ਦਿੱਤੀ, ਕਿਉਂਕਿ ਉਨ੍ਹਾਂ ਦੀ ਦੁਕਾਨ ਪ੍ਰਸ਼ਾਸਨ ਵੱਲੋਂ ਜਾਰੀ ਪੂਲ ਸਿਸਟਮ ਨਾਲ ਨਹੀਂ ਖੋਲ੍ਹੀ ਗਈ ਸੀ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਲਈ ਦੁਕਾਨ ਖੋਲ੍ਹਣ ਦਾ ਦਿਨ ਸ਼ੁੱਕਰਵਾਰ ਹੈ। ਪੁਲਿਸ ਦੀ ਗੱਲ ਮੰਨ ਕੇ ਉਨ੍ਹਾਂ ਵੀਰਵਾਰ ਦੁਕਾਨ ਬੰਦ ਕਰ ਦਿੱਤੀ। ਪਰ ਜਿਵੇਂ ਹੀ ਸ਼ੁੱਕਰਵਾਰ ਉਨ੍ਹਾਂ ਦੁਕਾਨ ਖੋਲ੍ਹੀ ਤਾਂ ਇਕ ਏਐੱਸਆਈ ਆਪਣੇ ਨਾਲ ਚਾਰ ਵਾਲੰਟੀਅਰਾਂ ਨੂੰ ਲੈ ਕੇ ਪੁੱਜ ਗਿਆ ਤੇ ਦੁਕਾਨ ਜਬਰੀ ਬੰਦ ਕਰਵਾਉਣ ਨੂੰ ਕਹਿਣ ਲੱਗਾ। ਜਦੋਂ ਉਨ੍ਹਾਂ ਬੀਤੇ ਦਿਨ ਪੁਲਿਸ ਨਾਲ ਹੋਈ ਗੱਲਬਾਤ ਬਾਰੇ ਦੱਸਿਆ ਤਾਂ ਪੁਲਿਸ ਮੁਲਾਜ਼ਮ ਨੇ ਬਜ਼ੁਰਗ ਨਾਲ ਗਾਲੀ ਗਲੌਚ ਸ਼ੁਰੂ ਕਰ ਦਿੱਤੀ। ਜਗਦੀਪ ਸਿੰਘ ਨੇ ਦੋਸ਼ ਲਾਇਆ ਕਿ ੲਐੱਸਆਈ ਨੇ ਚਾਰ ਵਾਲੰਟੀਅਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਚੁੱਕ ਕੇ ਸਰਕਾਰੀ ਗੱਡੀ ਵਿਚ ਪਾ ਲਿਆ ਤੇ ਥਾਣੇ ਲੈ ਗਏ। ਉੱਥੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੁਝ ਦੇਰ ਥਾਣੇ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਆਪਣੇ ਮੋਬਾਈਲ 'ਤੇ ਇਸ ਸਾਰੇ ਮਾਮਲੇ ਦੀ ਵੀਡੀਓ ਬਣਾ ਲਈ ਪਰ ਪੁਲਿਸ ਮੁਲਾਜ਼ਮਾਂ ਨੇ ਵੀਡੀਓ ਬਣਾ ਰਹੇ ਲੋਕਾਂ ਦੇ ਮੋਬਾਈਲ ਆਪਣੇ ਕਬਜ਼ੇ ਵਿਚ ਲੈ ਲਏ ਤੇ ਵੀਡੀਓ ਵੀ ਡਲੀਟ ਕਰ ਦਿੱਤੀ।

-- ਲਾਏ ਗਏ ਦੋਸ਼ ਬੇਬੁਨਿਆਦ : ਥਾਣਾ ਮੁਖੀ

ਕੋਟ ਖ਼ਾਲਸਾ ਥਾਣੇ ਦੇ ਇੰਚਾਰਜ ਇੰਸਪੈਕਟਰ ਸੰਜੀਵ ਕੁਮਾਰ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਦੱਸਿਆ ਕਿ ਰੋਜ਼ਾਨਾ ਲੋਕ ਪੂਲ ਸਿਸਟਮ ਦੇ ਉਲਟ ਜਾ ਕੇ ਆਪਣੀਆਂ ਦੁਕਾਨਾਂ ਖੋਲ੍ਹ ਲੈਂਦੇ ਹਨ। ਫਿਰ ਪੁਲਿਸ ਉਨ੍ਹਾਂ ਦੁਕਾਨਾਂ ਨੂੰ ਜਾ ਕੇ ਬੰਦ ਕਰਵਾ ਦਿੰਦੀ ਹੈ। ਫਿਰ ਵੀ ਉਹ ਆਪਣੇ ਪੱਧਰ 'ਤੇ ਜਾਂਚ ਕਰਵਾਉਣਗੇ।