ਗੌਰਵ ਜੋਸ਼ੀ, ਰਈਆ : ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਦੇਸ਼ ਭਰ ਵਿੱਚ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਲਾਕ ਡਾਊਨ ਤੇ ਕਈ ਸੂਬਿਆਂ 'ਚ ਲੱਗੇ ਕਰਫਿਊ ਨਾਲ ਲੋਕਾਂ ਦਾ ਜਨ ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਲਾਕਡਾਊਨ ਦੇ ਚਲਦੇ ਲੋਕਾਂ ਨੂੰ ਕੁਝ ਰਾਹਤ ਦਿੰਦੇ ਹੋਏ ਸਰਕਾਰ ਵੱਲੋਂ ਦੁਕਾਨਾਂ ਤੇ ਕੁੱਝ ਹੋਰ ਕਾਰੋਬਾਰ ਖੋਲ੍ਹਣ ਦੀ ਛੋਟ ਦਿੱਤੀ ਗਈ ਸੀ ਤਾਂ ਕਿ ਲੋਕ ਆਪਣੇ ਜ਼ਰੂਰੀ ਕੰਮ ਕਾਰ ਕਰ ਸਕਣ।

ਸਰਕਾਰ ਵੱਲੋਂ ਇਹ ਛੋਟ ਕੁੱਝ ਸ਼ਰਤਾਂ ਤਹਿਤ ਦਿੱਤੀ ਗਈ ਸੀ ਤਾਂ ਕਿ ਲੋਕਾਂ ਦਾ ਕਿਸੇ ਵੀ ਦੁਕਾਨ ਜਾਂ ਬੈਕਾਂ ਆਦਿ ਵਿਚ ਜ਼ਿਆਦਾ ਇਕੱਠ ਨਾਂ ਹੋਵੇ ਪਰ ਲੋਕ ਸਰਕਾਰ ਦੀਆਂ ਹਦਾਇਤਾਂ ਦੀਆਂ ਇਸ ਕਦਰ ਧੱਜੀਆਂ ਉਡਾਉਂਦੇ ਹਨ ਕਿ ਕਿਸੇ ਵੀ ਦੁਕਾਨ ਜਾਂ ਕਿਸੇ ਅਦਾਰੇ ਵਿੱਚ ਸਮਾਜਿਕ ਦੂਰੀ ਦੀ ਪਰਵਾਹ ਨਹੀਂ ਕਰਦੇ। ਇਸ ਤਰ੍ਹਾਂ ਸਰਕਾਰੀ ਹੁਕਮਾਂ ਦੀ ਉਲੰਘਣਾ ਪਿਛਲੇ ਕਈ ਦਿਨਾਂ ਤੋਂ ਕਸਬਾ ਰਈਆ ਵਿਖੇ ਸਥਿਤ ਭਾਰਤੀ ਜੀਵਨ ਬੀਮਾ ਨਿਗਮ ਦੀ ਬਰਾਂਚ ਦੇ ਬਾਹਰ ਦੇਖਣ ਨੂੰ ਮਿਲਦੀ ਹੈ ਜਿੱਥੇ ਬੀਮੇ ਦੀਆਂ ਕਿਸ਼ਤਾਂ ਭਰਨ ਲਈ ਆਉਣ ਵਾਲੇ ਪਾਲਿਸੀ ਹੋਲਡਰ ਸੋਸ਼ਲ ਡਿਸਟੈਂਸ ਦੀ ਜ਼ਰਾ ਵੀ ਪਰਵਾਹ ਨਾ ਕਰਦੇ ਹੋਏ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ।

ਇਸ ਸਬੰਧੀ ਜਦੋਂ ਦਫਤਰ ਦੇ ਅਧਿਕਾਰੀਆਂ ਨੂੰ ਇਸ ਭੀੜ ਭੜੱਕੇ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਖ ਦਰਵਾਜੇ 'ਤੇ ਸੇਵਾਦਾਰਾਂ ਦੀ ਡਿਊਟੀ ਲਾਈ ਹੋਈ ਹੈ ਜੋ ਇੱਕ ਸਮੇਂ ਤੇ 10 ਵਿਅਕਤੀ ਅੰਦਰ ਲੰਘਾਉਂਦੇ ਹਨ ਜਦ ਉਹ ਕਿਸ਼ਤਾਂ ਭਰ ਲੈਂਦੇ ਹਨ ਤਾਂ ਹੋਰਨਾਂ ਨੂੰ ਅੰਦਰ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਤਾਂ ਲੈਣ ਵਾਸਤੇ ਤਿੰਨ ਕਾਊਂਟਰ ਖੋਲ੍ਹੇ ਜਾ ਰਹੇ ਹਨ ਪਰ ਮੇਨ ਗੇਟ ਤੋਂ ਬਾਹਰ ਦੇ ਲੋਕ ਕਾਬੂ ਕਰਨਾ ਉਨ੍ਹਾਂ ਦੇ ਵਸ ਵਿਚ ਨਹੀਂ ਕਿਉਂਕਿ ਸਾਡੇ ਦਫਤਰ ਕੋਲ ਕੋਈ ਗਾਰਡ ਨਹੀਂ ਹੈ। ਇਸ ਲਈ ਦਫਤਰ ਤੋਂ ਬਾਹਰ ਅਸੀਂ ਕਿਸੇ ਨੂੰ ਕੁੱਝ ਨਹੀਂ ਕਹਿ ਸਕਦੇ।