ਜੇਐੱਨਐੱਨ, ਅੰਮਿ੍ਤਸਰ : ਤਿ੍ਲੋਕੀ ਸਵਾਮੀ ਭਗਵਾਨ ਸ਼ਿਵ ਦਾ ਮੰਦਰ ਸ਼ਿਵਾਲਾ ਬਾਗ ਭਾਈਆਂ 29 ਫਰਵਰੀ ਨੂੰ ਕਰੀਬ 600 ਕਿੱਲੋ ਦੇ ਵਿਦੇਸ਼ੀ ਤੇ ਭਾਰਤੀ ਫੁੱਲਾਂ ਦੀ ਮਹਿਕ ਨਾਲ ਮਹਿਕੇਗਾ। ਇਸ ਲਈ ਵਰਿੰਦਾਵਨ ਤੋਂ ਆਏ ਹੋਏ ਕਾਰੀਗਰਾਂ ਵੱਲੋਂ ਮੰਦਰ ਨੂੰ ਫੁੱਲਾਂ ਨਾਲ ਸਜਾਉਣ ਲਈ ਕਾਰਜ ਸ਼ੁਰੂ ਕੀਤਾ ਗਿਆ ਹੈ। ਸ਼ਿਵਾਲਾ ਬਾਗ ਭਾਈਆਂ 'ਚ ਜੈਬਰਾ, ਏਨਥੋਨਿਅਮ, ਏਲਕੋਨਿਮ, ਆਗੇਟ, ਗੁਲਾਬ, ਕਲਕੱਤੇ ਦੇ ਗੇਂਦੇ, ਰਜਨੀਗੰਧਾ ਤੇ ਹੋਰ ਤਰ੍ਹਾਂ ਦੇ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ। ਮੰਦਰ 'ਚ ਪੰਜ ਫੁੱਲ ਬੰਗਲੇ ਤੇ ਝੂਮਰ ਗੇਟ ਵੀ ਬਣਾਇਆ ਜਾਵੇਗਾ। ਮੁੱਖ ਗੇਟਾਂ, ਗੁਫਾ, ਸ਼ਿਵਾਲਾ 'ਚ ਰੰਗ ਬਿਰੰਗੇ ਫੁੱਲਾਂ ਨਾਲ ਸਜਾਵਟ ਹੋਵੇਗੀ।

ਵਰਿੰਦਾਵਨ ਤੋਂ ਆਏ ਕਾਰੀਗਰ ਉਦੈਵੀਰ ਸਿੰਘ ਨੇ ਦੱਸਿਆ ਉਨ੍ਹਾਂ ਦੀ ਟੀਮ 'ਚ ਲਗਪਗ 14 ਮੁਲਾਜ਼ਮ ਆਏ ਹਨ ਜੋ ਕਿ ਦੋ ਦਿਨਾ ਤੱਕ ਪੂਰੇ ਸ਼ਿਵਾਲਾ ਕੰਪਲੈਕਸ ਦੀ ਸਜਾਵਟ ਕਰਨਗੇ। ਪੂਰਾ ਸ਼ਿਵਾਲਾ ਕੰਪਲੈਕਸ ਰੰਗ ਬਿਰੰਗੇ ਫੁੱਲਾਂ ਨਾਲ ਸ਼ਰਧਾਲੂਆਂ ਦਾ ਮਨ ਮੋਹ ਲਵੇਗਾ। ਸ਼ਿਵਲਿੰਗ ਦੀ ਸਜਾਵਟ ਡਰਾਈਫਰੂਟ ਤੇ ਫੁੱਲਾਂ ਨਾਲ ਹੋਵੇਗੀ, ਉਥੇ ਹੀ ਸ਼ਿਵਾਲਾ 'ਚ ਰੰਗੋਲੀ ਵੀ ਬਣਾਈ ਜਾਵੇਗੀ। ਸ਼੍ਰੀ ਸ਼ਿਵਾਲਾ ਬਾਗ ਭਾਈਆਂ 'ਚ 29 ਫਰਵਰੀ ਨੂੰ ਸ਼ਿਵ ਭੋਲੇਨਾਥ ਦੇ ਵਿਆਹ ਦੀ ਰਿਸੈਪਸ਼ਨ ਹੋਵੇਗੀ ਉਥੇ ਮੰਦਰ ਦਾ ਸ਼ਾਨਦਾਰ ਸ਼ਿੰਗਾਰ ਕੀਤਾ ਜਾਵੇਗਾ। ਇਸ ਦੇ ਬਾਅਦ ਰਾਤ ਅੱਠ ਵਜੇ ਸ਼ਿਵ ਜਾਗਰਣ ਹੋਵੇਗਾ, ਜਿਸ 'ਚ ਗਾਇਕ ਮਾਸਟਰ ਸਲੀਮ ਗੁਣਗਾਨ ਕਰਣਗੇ।

-- ਸ਼੍ਰੀ ਰੁਦਰਾਭਿਸ਼ੇਕ ਤੇ ਭਸਮ ਆਰਤੀ ਹੋਈ

ਸ਼ਿਵਾਲਾ ਬਾਗ ਭਾਈਆਂ 'ਚ ਚੱਲ ਰਹੇ ਖੁਸ਼ੀ ਭਰੇ ਹਫ਼ਤੇ 'ਚ ਬੁੱਧਵਾਰ ਭਗਵਾਨ ਸ਼ਿਵ ਦਾ ਸ਼੍ਰੀ ਰੁਦਰਾਭਿਸ਼ੇਕ ਕੀਤਾ ਗਿਆ। ਪੰਡਤ ਲਾਲ ਤੇ ਪੰਡਤ ਜਗਦੀਸ਼ ਕੁਮਾਰ ਨੇ ਮੰਤਰਾਂ ਰਾਹੀਂ ਰੁਦਰਾਭਿਸ਼ੇਕ ਕੀਤਾ। ਇਸ ਦੇ ਬਾਅਦ ਭਸਮ ਆਰਤੀ ਕੀਤੀ ਗਈ। ਬਾਅਦ 'ਚ ਮੰਦਰ ਕੰਪਲੈਕਸ 'ਚ ਭੰਡਾਰਾ ਵੀ ਲਾਇਆ ਗਿਆ। ਰਾਤ ਨੂੰ ਸ਼ਿਵ ਵਿਆਹ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚੇ ਜਿਨ੍ਹਾਂ ਨੱਚ ਕੇ ਖੁਸ਼ੀ ਮਨਾਈ। ਇਸ ਮੌਕੇ ਹੇਮਰਾਜ ਹਾਂਡਾ, ਅਸ਼ਵਨੀ ਸ਼ਰਮਾ, ਸੰਜੇ ਅਰੋੜਾ, ਪਵਨ ਅਰੋੜਾ, ਰਾਜੂ, ਹਰੀਸ਼, ਸ਼ਿਵ ਕੁਮਾਰ, ਰਿੰਕੂ, ਮਾਧਵੀ, ਅਮਿਤਾ ਆਦਿ ਮੌਜੂਦ ਸਨ।