'ਪੰਜਾਬੀ ਜਾਗਰਣ' 'ਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਗਰ ਨਿਗਮ ਨੇ ਕਰਵਾਇਆ ਸਾਫ਼

ਅਮਨਦੀਪ ਸਿੰਘ, ਅੰਮਿ੍ਤਸਰ : ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰਬਰ 46 ਦੇ ਇਲਾਕੇ ਈਸਟ ਮੋਹਨ ਨਗਰ ਦੀਆਂ ਪਾਰਕਾਂ 'ਚੋਂ ਨਗਰ ਨਿਗਮ ਵੱਲੋਂ ਸਫਾਈ ਵਿਵਸਥਾ ਸ਼ੁਰੂ ਕੀਤੀ ਹੈ। ਮੰਗਲਵਾਰ ਨੂੰ ਈਸਟ ਮੋਹਨ ਨਗਰ ਦੀਆਂ ਪਾਰਕਾਂ ਤੋਂ ਨਗਰ ਨਿਗਮ ਨੇ ਕੂੜਾ ਅਤੇ ਗੋਬਰ ਦੇ ਅੰਬਾਰ ਨੂੰ ਚੁੱਕਿਆ ਹੈ। 'ਪੰਜਾਬੀ ਜਾਗਰਣ' ਨੇ ਸੋਮਵਾਰ ਨੂੰ ਈਸਟ ਮੋਹਨ ਨਗਰ ਵਿਚ ਪਾਰਕਾਂ ਦੀ ਗ਼ੰਦਗੀ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ, ਜਿਸ ਦੇ ਨਤੀਜਨ ਨਿਗਮ ਨੇ ਮੰਗਲਵਾਰ ਨੂੰ ਇਲਾਕੇ ਵਿਚ ਸਫਾਈ ਵਿਵਸਥਾ ਸ਼ੁਰੂ ਕੀਤੀ ਹੈ। ਇਲਾਕਾ ਵਾਸੀ ਗੁਰਪ੍ਰਤਾਪ ਸਿੰਘ, ਗੁਲਾਬ ਸਿੰਘ, ਬਲਜੀਤ ਕੌਰ, ਅਮਰਜੀਤ ਕੌਰ, ਹਰਭਜਨ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਸਾਹਮਣੇ ਬਣੇ ਪਾਰਕਾਂ ਵਿਚ ਪੂਰੀ ਤਰ੍ਹਾਂ ਗੋਬਰ ਦੇ ਅੰਬਾਰ ਲੱਗੇ ਹੋਏ ਹਨ। ਪਾਰਕ ਵਿਚ ਲੱਗੇ ਕੂੜੇ ਦੇ ਢੇਰ ਅਤੇ ਫੈਲੀ ਗੰਦਗੀ ਨਾਲ ਇਲਾਕੇ ਵਿਚ ਬੁਰਾ ਹਾਲ ਹੈ, ਜਿਸ ਕਾਰਨ ਗੰਦਗੀ ਦੀ ਬਦਬੂ ਨਾਲ ਇਲਾਕਾ ਵਾਸੀ ਦੁਖੀ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਬਾਰੇ ਕਈ ਵਾਰ ਨਿਗਮ ਨੂੰ ਜਾਣੂ ਕਰਵਾਇਆ ਗਿਆ ਸੀ। ਬਾਵਜੂਦ ਉਨ੍ਹਾਂ ਦੀ ਸਮੱਸਿਆ ਕਈ ਦਿਨਾਂ ਤੋਂ ਬਣੀ ਹੋਈ ਸੀ। ਉਨ੍ਹਾਂ ਨੇ 'ਪੰਜਾਬੀ ਜਾਗਰਣ' ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਪ੍ਰਰੇਸ਼ਾਨੀ ਨੂੰ ਪ੍ਰਸ਼ਾਸਨ ਤਕ ਪਹੁੰਚਾਉਣ ਵਿਚ ਸਮਾਚਾਰ ਪੱਤਰ ਨੇ ਅਹਿਮ ਯੋਗਦਾਨ ਨਿਭਾਇਆ ਹੈ। ਦੂਜੇ ਪਾਸੇ ਮੌਕੇ 'ਤੇ ਪੁੱਜੇ ਕੌਂਸਲਰ ਸ਼ੈਲਿੰਦਰ ਸ਼ੈਲੀ ਦੇ ਪਿਤਾ ਅਮਰੀਕ ਸਿੰਘ ਨੇ ਕਿਹਾ ਕਿ ਲੋਕ ਆਪਣੇ ਘਰਾਂ ਸਾਹਮਣੇ ਲੱਗਦੇ ਪਾਰਕਾਂ ਦੀ ਸਫਾਈ ਵਿਵਸਥਾ ਦਾ ਆਪਣੇ ਆਪ ਵੀ ਧਿਆਨ ਰੱਖਣ, ਤਾਂ ਕਿ ਇਲਾਕੇ ਵਿਚ ਗੰਦਗੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

----------

ਇਲਾਕੇ 'ਚੋਂ ਚੁੱਕੀ ਗਈ ਗ਼ੰਦਗੀ : ਕੌਂਸਲਰ

ਵਾਰਡ ਕੌਂਸਲਰ ਸ਼ੈਲਿੰਦਰ ਸਿੰਘ ਸ਼ੈਲੀ ਨੇ ਕਿਹਾ ਕਿ ਇਲਾਕੇ ਵਿਚ ਆਈ ਗ਼ੰਦਗੀ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ ਇਲਾਕਾ ਈਸਟ ਮੋਹਨ ਨਗਰ ਵਿਚ ਗੰਦਗੀ ਚੁੱਕਣ ਲਈ ਗੱਡੀਆਂ ਉਪਲੱਬਧ ਕਰਵਾਈਆਂ ਹਨ। ਮੰਗਲਵਾਰ ਨੂੰ ਈਸਟ ਮੋਹਨ ਨਗਰ ਦੇ ਪਾਰਕਾਂ 'ਚੋਂ ਕ੍ਰੇਨ ਰਾਹੀਂ ਗੰਦਗੀ ਨੂੰ ਚੁੱਕਿਆ ਗਿਆ ਹੈ। ਛੇਤੀ ਹੀ ਪੂਰੀ ਤਰ੍ਹਾਂ ਸਫਾਈ ਕਰ ਕੇ ਪਾਰਕਾਂ ਨੂੰ ਇਕ ਚੰਗੀ ਰੂਪ ਰੇਖਾ ਦਿੱਤੀ ਜਾਵੇਗੀ।

---------

ਪੁਲਿਸ ਦੀ ਮਦਦ ਨਾਲ ਹਟਾਵਾਂਗੇ ਪਸ਼ੂ : ਗਿੱਲ

ਵਿਜੇ ਗਿੱਲ, ਸੈਨੇਟਰੀ ਇੰਸਪੈਕਟਰ ਨਿਗਮ ਨੇ ਕਿਹਾ ਕਿ ਇਲਾਕੇ ਵਿਚ ਇਕ ਵਿਅਕਤੀ ਵੱਲੋਂ ਗ਼ੈਰ-ਕਾਨੂੰਨੀ ਤੌਰ ਨਾਲ ਪਸ਼ੂ ਰੱਖੇ ਹੋਏ ਹਨ। ਅੱਜ ਕੈਟਲ ਇੰਪਾਊਂਡ ਵਿਭਾਗ ਦੀ ਟੀਮ ਉਸ ਨੂੰ ਹਟਾਉਣ ਗਈ ਸੀ, ਪਰ ਉਹ ਤਾਲਾ ਮਾਰ ਕੇ ਭੱਜ ਲਿਆ। ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ। ਮਾਮਲ ਧਿਆਨ ਵਿਚ ਆਉਣ ਤੋਂ ਬਾਅਦ ਅੱਜ ਕਾਰਵਾਈ ਕੀਤੀ ਗਈ ਹੈ। ਜੇਕਰ ਜ਼ਰੂਰਤ ਪਈ ਤਾਂ ਪੁਲਿਸ ਦੀ ਮਦਦ ਨਾਲ ਪਸ਼ੂਆਂ ਨੂੰ ਹਟਾਇਆ ਜਾਵੇਗਾ। ਉਨ੍ਹਾਂ ਵਲੋਂ ਹੀ ਇਲਾਕੇ ਵਿਚ ਗੋਬਰ ਜ਼ਰੀਏ ਗੰਦਗੀ ਫੈਲਾਈ ਜਾ ਰਹੀ ਹੈ।