ਜੇਐੱਨਐੱਨ, ਅੰਮਿ੍ਤਸਰ : ਫ਼ਤਾਹਪੁਰ ਜੇਲ੍ਹ ਵਿਚ ਬੰਦ 3 ਨਸ਼ਾ ਸਮੱਗਲਰਾਂ ਨੇ ਦੋ ਕੈਦੀਆਂ ਨਾਲ ਪੁਰਾਣੀ ਰੰਜਿਸ਼ ਤਹਿਤ ਜੇਲ੍ਹ ਵਿਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਘਟਨਾ ਸੋਮਵਾਰ ਦੇਰ ਰਾਤ ਦੀ ਹੈ। ਇਸਲਾਮਾਬਾਦ ਥਾਣਾ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਜੇਲ੍ਹ ਪ੍ਰਬੰਧਕ ਤੋਂ ਕੁੱਝ ਦੇਰ ਪਹਿਲਾਂ ਹੀ ਸ਼ਿਕਾਇਤ ਮਿਲੀ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਸੁਰਮੁਖ ਸਿੰਘ ਨਸ਼ਾ ਸਮੱਗਲਿੰਗ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ। ਕੁੱਝ ਸਮਾਂ ਪਹਿਲਾਂ ਹੀ ਉਸ ਨੂੰ ਅਦਾਲਤ ਨੇ 12 ਸਾਲ ਦੀ ਸਜ਼ਾ ਸੁਣਾਈ ਸੀ। ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਨੂੰ ਵੀ ਨਸ਼ਾ ਸਮੱਗਲਿੰਗ ਮਾਮਲੇ ਵਿਚ ਅਦਾਲਤ 10 ਸਾਲ ਦੀ ਸਜ਼ਾ ਸੁਣਾ ਚੁੱਕੀ ਹੈ। 2 ਸਾਲ ਪਹਿਲਾਂ ਪਹਿਲਾਂ ਮੁਲਜ਼ਮ ਸ਼ਮਸ਼ੇਰ ਸਿੰਘ, ਸੁਰਮੱੁਖ ਸਿੰਘ ਅਤੇ ਜਗਮੀਤ ਸਿੰਘ ਉਰਫ ਜੱਗੀ ਦੀ ਜੇਲ੍ਹ ਵਿਚ ਬੰਦ ਵਿਸ਼ਾਲ ਕੁਮਾਰ ਅਤੇ ਗੁਰਭੇਜ ਸਿੰਘ ਨਾਲ ਲੜਾਈ ਹੋ ਗਈ। ਸੋਮਵਾਰ ਰਾਤ ਤਿੰਨਾਂ ਮੁਲਜ਼ਮਾਂ ਨੇ ਉਸੇ ਰੰਜਿਸ਼ ਤਹਿਤ ਦੋਵਾਂ ਨੂੰ ਕੁੱਟਮਾਰ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਦੋਵਾਂ ਨੂੰ ਜ਼ਖ਼ਮੀ ਹਾਲਤ ਵਿਚ ਜੇਲ੍ਹ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।