ਜੇਐੱਨਐੱਨ, ਅੰਮਿ੍ਤਸਰ : ਸ਼ਰਾਬ ਦੇ ਠੇਕਿਆਂ ਨੂੰ ਫੂਡ ਸੇਫਟੀ ਐਕਟ ਦੇ ਅਧੀਨ ਲਿਆਉਣ ਦੇ ਆਦੇਸ਼ ਜਾਰੀ ਕੀਤੇ ਹੋਏ ਦਸ ਮਹੀਨਿਆਂ ਦਾ ਸਮਾਂ ਬੀਤ ਗਿਆ ਹੈ। ਪਰ ਇਸ ਦੌਰਾਨ ਫੂਡ ਸੇਫਟੀ ਵਿਭਾਗ ਨੇ ਕਦੇ ਵੀ ਕਿਸੇ ਠੇਕੇ 'ਤੇ ਜਾ ਕੇ ਸੈਂਪਲ ਭਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਦਕਿ ਨਿਯਮ ਇਹ ਹੈ ਕਿ ਹਰ ਮਹੀਨੇ ਫੂਡ ਸੇਫਟੀ ਅਧਿਕਾਰੀ ਸ਼ਰਾਬ ਠੇਕੇ ਤੋਂ ਸੈਂਪਲ ਲੈਣਗੇ ਤੇ ਇਨ੍ਹਾਂ 'ਚ ਅਲਕੋਹਲ ਦੀ ਮਾਤਰਾ ਦੀ ਜਾਂਚ ਕਰਨਗੇ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਸ਼ਰਾਬ 'ਚ ਕਿਸੇ ਤਰ੍ਹਾਂ ਦੀ ਮਿਲਾਵਟ ਕੀਤੀ ਗਈ ਹੈ ਜਾਂ ਨਹੀਂ। ਇਸ ਦੇ ਇਲਾਵਾ ਸ਼ਰਾਬ ਨੂੰ ਸਟੋਰ ਕਰਨ ਵਾਲੀ ਥਾਵਾਂ 'ਤੇ ਸਾਫ਼-ਸਫਾਈ ਦੀ ਪੂਰੀ ਵਿਵਸਥਾ ਹੈ ਜਾਂ ਨਹੀਂ ਹੈ, ਇਸ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਣਾ ਸੀ। ਨੋਟੀਫਿਕੇਸ਼ਨ ਮੁਤਾਬਕ ਠੇਕੇਦਾਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫਐੱਸਐੱਸਏਆਈ) ਤੋਂ ਲਾਇਸੈਂਸ ਲੈਣਾ ਵੀ ਜ਼ਰੂਰੀ ਹੈ। ਪਰ ਇਕ ਸਾਲ ਤੋਂ ਜਾਰੀ ਹੋਏ ਆਦੇਸ਼ਾਂ ਵਿਚ ਇਨ੍ਹਾਂ ਵਿਚੋਂ ਕਿਸੇ ਇਕ ਨਿਯਮ ਦਾ ਵੀ ਪਾਲਣ ਨਹੀਂ ਕੀਤਾ ਗਿਆ। ਨਾ ਤਾਂ ਕਿਸੇ ਠੇਕੇ 'ਤੇ ਜਾ ਕੇ ਸੈਂਪਲ ਭਰੇ ਗਏ ਤੇ ਨਾ ਹੀ ਕਿਸੇ ਠੇਕੇਦਾਰ ਨੇ ਹੁਣ ਤੱਕ ਲਾਇਸੈਂਸ ਲਿਆ ਹੈ। ਬਿਨਾਂ ਲਾਇਸੈਂਸ ਦੇ ਹੀ ਸ਼ਰਾਬ ਧੜੱਲੇ ਨਾਲ ਵਿਕ ਰਹੀ ਹੈ ਤੇ ਇਹ ਸਭ ਕੁੱਝ ਫੂਡ ਸੇਫਟੀ ਵਿਭਾਗ ਦੀ ਨੱਕ ਹੇਠਾਂ ਹੋ ਰਿਹਾ ਹੈ।

ਕੋਟ :

ਫੂਡ ਸੇਫਟੀ ਅਧਿਕਾਰੀ ਰਜਨੀ ਨੇ ਕਿਹਾ ਕਿ ਪਿਛਲੇ ਦੋ-ਤਿੰਨ ਮਹੀਨਿਆਂ 'ਚ ਤਾਂ ਕੋਈ ਸੈਂਪਲ ਨਹੀਂ ਲਏ ਗਏ ਹਨ। ਇਸ ਤੋਂ ਪਹਿਲਾਂ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸੇ ਤਰ੍ਹਾਂ ਫੂਡ ਸੇਫਟੀ ਅਫਸਰ ਸਿਮਰਜੀਤ ਸਿੰਘ ਨੇ ਕਿਹਾ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜ਼ਿਲ੍ਹਾ ਹੈਲਥ ਅਧਿਕਾਰੀ ਹੀ ਦੱਸ ਸਕਦੇ ਹਨ। ਜਦਕਿ ਦੋ ਦਿਨ ਪਹਿਲਾਂ ਹੀ ਜ਼ਿਲ੍ਹਾ ਸਿਹਤ ਅਧਿਕਾਰੀ ਦਾ ਤਬਾਦਲਾ ਹੋ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਨਵਾਂ ਅਧਿਕਾਰੀ ਹਾਲੇ ਨਹੀਂ ਆਇਆ ਹੈ।

ਬਾਕਸ :

ਸੈਂਪਲ ਫੇਲ੍ਹ ਹੋਣ 'ਤੇ ਹੈ ਸਖ਼ਤ ਸਜਾ ਦਾ ਮਤਾ

ਬਰਾਂਡ ਵਾਇਜ ਸੈਂਪਲ ਲੈਣ ਦੇ ਬਾਅਦ ਜਾਂਚ ਲਈ ਖਰੜ 'ਚ ਸਿਹਤ ਵਿਭਾਗ ਦੀ ਸਰਕਾਰੀ ਲੈਬ 'ਚ ਭੇਜਿਆ ਜਾਣਾ ਹੁੰਦਾ ਹੈ। ਲੈਬ 'ਚ ਜਾਂਚ ਦੌਰਾਨ ਇਥਾਇਲ ਅਲਕੋਹਲ ਦੀ ਮਾਤਰਾ 'ਚ ਹੇਰਾ-ਫੇਰੀ ਜਾਂ ਦੂਜੀ ਮਿਲਾਵਟ ਪਾਈ ਗਈ ਤਾਂ ਸਬੰਧਤ ਠੇਕੇਦਾਰ 'ਤੇ ਕਾਰਵਾਈ 'ਚ ਜੁਰਮਾਨਾ ਤੇ ਜੇਲ੍ਹ ਤੱਕ ਦਾ ਮਤਾ ਰੱਖਿਆ ਗਿਆ ਹੈ। ਸ਼ਰਾਬ ਦੇ ਨਮੂਨੇ ਜਾਂਚ 'ਚ ਅਮਾਨਕ ਮਿਲਣ 'ਤੇ ਸ਼ਰਾਬ ਕੰਪਨੀ ਤੇ ਵਿਕਰੇਤਾ ਨੂੰ ਤਿੰਨ ਤੋਂ ਸੱਤ ਸਾਲ ਤੱਕ ਸਜਾ ਹੋ ਸਕਦੀ ਹੈ। ਸੈਂਪਲ ਜਾਂਚ ਦੀ ਰਿਪੋਰਟ 'ਚ ਜੇਕਰ ਜਾਨਲੇਵਾ ਤੱਤ ਪਾਏ ਜਾਂਦੇ ਹੈ ਤਾਂ ਸ਼ਰਾਬ ਬਣਾਉਣ ਵਾਲੀ ਕੰਪਨੀ ਤੋਂ ਲੈ ਕੇ ਉਸ ਦੀ ਸੇਲ ਕਰਨ ਵਾਲੇ ਠੇਕੇਦਾਰਾਂ ਨੂੰ ਉਮਰ ਕੈਦ ਦੀ ਸਜਾ ਦਾ ਮਤਾ ਵੀ ਹੈ। ਸ਼ਾਇਦ ਇਸ 'ਚ ਮਿਲੀਭੁਗਤ ਹੀ ਕਹਿ ਸਕਦੇ ਹਨ ਕਿ ਵਿਭਾਗ ਦੇ ਕਿਸੇ ਵੀ ਅਧਿਕਾਰੀ ਨਾ ਕਦੇ ਇਸ ਪਾਸੇ ਧਿਆਨ ਦੇਣਾ ਜ਼ਰੂਰੀ ਨਹੀਂ ਸਮਿਝਆ।