ਪੱਤਰ ਪ੍ਰਰੇਰਕ, ਅੰਮਿ੍ਤਸਰ : ਕਾਂਗਰਸ ਦੇ ਸੀਨੀਅਰ ਆਗੂ ਵਿੱਕੀ ਕੰਡਾ ਨੇ ਪ੍ਰਰੈੱਸ ਕਾਨਫਰੰਸ ਕਰਕੇ ਕਿਹਾ ਹਲਕਾ ਦੱਖਣੀ 'ਚ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਰੀਆ ਦੀ ਚੜ੍ਹਤ ਤੋਂ ਅਕਾਲੀ ਬੁਖਲਾ ਗਏ ਹਨ। ਉਨ੍ਹਾਂ ਕਿਹਾ ਹਲਕੇ ਦੇ ਰਮਿੰਦਰ ਸਿੰਘ ਬੁਲਾਰੀਆ ਦੇ ਨਾਮ ਨੂੰ ਬਦਲਣ ਦਾ ਮੁੱਦਾ ਚੁੱਕਣਾ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਸਟੰਟ ਹੈ, ਜਿਸ ਬਾਰੇ ਲੋਕ ਭਲੀ ਭਾਂਤ ਜਾਣੂ ਹਨ, ਕਿਉਂਕਿ ਹਲਕਾ ਵਾਸੀ ਜਾਣਦੇ ਹਨ ਕਿ ਸਾਲ 2010 'ਚ ਸਕੱਤਰੀ ਬਾਗ ਦਾ ਨਾਮ ਬਦਲ ਕੇ ਬੁਲਾਰੀਆ ਪਾਰਕ ਰੱਖਿਆ ਗਿਆ ਸੀ, ਉਸ ਸਮੇਂ ਅਕਾਲੀ ਦਲ ਦੀ ਸਰਕਾਰ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਾਲ 2015 'ਚ ਵੀ ਜਦੋਂ ਇੰਦਰਬੀਰ ਸਿੰਘ ਬੁਲਾਰੀਆ ਹਲਕੇ ਦੇ ਵਿਧਾਇਕ ਸਨ ਤਾਂ ਉਨ੍ਹਾਂ ਹਲਕਾ ਵਾਸੀਆਂ ਦੇ ਹੱਕ 'ਚ ਡੱਟ ਕੇ ਪਹਿਰਾ ਦਿੱਤਾ ਤੇ ਅਕਾਲੀ ਸਰਕਾਰ ਵੱਲੋਂ ਭਗਤਾਂ ਵਾਲਾ ਸਥਿਤ ਕੂੜੇ ਦੇ ਡੰਪ 'ਤੇ ਲੱਗਣ ਜਾ ਰਹੇ ਪਲਾਂਟ ਨੂੰ ਰੋਕਣ ਲਈ ਆਪਣੀ ਹੀ ਸਰਕਾਰ ਖ਼ਿਲਾਫ਼ ਮੌਰਚਾ ਖੋਲ ਦਿੱਤਾ ਤੇ ਅਕਾਲੀ ਦਲ ਵੱਲੋਂ ਮਿਲੇ ਅਹੁਦਿਆਂ ਨੂੰ ਤਿਆਗ ਦਿੱਤਾ।

ਵਿੱਕੀ ਕੰਡਾ ਨੇ ਕਿਹਾ 2017 ਤੱਕ ਵੀ ਅਕਾਲੀ ਸਰਕਾਰ ਹੀ ਰਹੀ ਸੀ ਜੇਕਰ ਬੁਲਾਰੀਆ ਪਾਰਕ ਦਾ ਨਾਮ ਬਦਲਣਾ ਅਕਾਲੀ ਦਲ ਲਈ ਐਨਾ ਹੀ ਜ਼ਰੂਰੀ ਸੀ ਤਾਂ ਉਸ ਵਕਤ ਪਾਰਕ ਦਾ ਨਾਮ ਕਿਉਂ ਨਾ ਬਦਲਾਇਆ ਗਿਆ। ਵਿੱਕੀ ਕੰਡਾ ਨੇ ਕਿਹਾ ਕਿ ਵਿਧਾਇਕ ਬੁਲਾਰੀਆ ਸਦਕਾ ਹੀ ਹਲਕੇ ਦੇ ਪਿੰਡ ਸੁਲਤਾਨਵਿੰਡ ਵਿਚ ਸੀਵਰੇਜ਼, ਗਲੀਆਂ ਤੇ ਨਾਲੀਆਂ ਦਾ ਪ੍ਰਜੈਕਟ ਲਿਆ ਕੇ ਇਸ ਨੂੰ ਅਮਲੀ ਜਾਮਾ ਪਹਿਣਾਉਣਾ ਸੰਭਵ ਹੋਇਆ ਹੈ, ਹਾਲਾਂਕਿ ਪਿੰਡ ਸੁਲਤਾਨਵਿੰਡ ਅੱਜ ਤੋਂ ਕਰੀਬ ਵੀਹ ਸਾਲ ਪਹਿਲਾਂ ਹੀ ਨਿਗਮ ਦੀ ਹੱਦ ਅੰਦਰ ਆ ਚੁੱਕਾ ਸੀ ਤੇ ਵਿਕਾਸ ਪੱਖੋਂ ਪੱਛੜਿਆ ਹੋਇਆ ਸੀ। ਅਖੀਰ ਉਨ੍ਹਾਂ ਕਿਹਾ ਕਿ ਹੁਣ ਜੋ ਹਲਕਾ ਦੱਖਣੀ ਵਿਚ ਸੁਲਤਾਨਵਿੰਡ ਗੇਟ ਤੋਂ ਲੈ ਕੇ ਗੇਟ ਹਕੀਮਾਂ ਤੱਕ ਕਰੋੜਾਂ ਦੀ ਲਾਗਤ ਵਾਲਾ ਸੁੰਦਰੀਕਰਨ ਹੋ ਰਿਹਾ ਹੈ, ਉਹ ਵੀ ਵਿਧਾਇਕ ਬੁਲਾਰੀਆ ਦੀ ਹੀ ਦੇਣ ਹੈ।