ਸਟਾਫ ਰਿਪੋਰਟਰ, ਅੰਮਿ੍ਤਸਰ : ਸਿਹਤ ਵਿਭਾਗ ਵੱਲੋਂ 19 ਜਨਵਰੀ 2020 ਨੂੰ ਹੋਣ ਵਾਲੇ ਨੈਸ਼ਨਲ ਪੋਲੀਓ ਰਾਊਂਡ ਸਬੰਧੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਹੋਈ। ਇਸ ਮੀਟਿੰਗ 'ਚ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਮੇਸ਼ਪਾਲ ਸਿੰਘ, ਡਾ. ਆਰਐੱਸ ਸੇਠੀ, ਡਾ. ਵਿਨੋਦ ਕੁੰਡਲ, ਡਾ. ਭਾਰਤੀ, ਡਾ. ਰਮਨ ਕਾਲੜਾ, ਅਮਨਦੀਪ ਸਿੰਘ ਡਿਪਟੀ ਮੀਡੀਆ ਮਾਸ ਅਫਸਰ ਤੋ ਇਲਾਵਾ ਸਾਰੇ ਸੀਨੀਅਰ ਮੈਡੀਕਲ ਅਫਸਰ ਹਾਜ਼ਰ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਅਗਰਵਾਲ ਨੇ ਕਿਹਾ ਪਲਸ ਪੋਲੀਓ ਦਾ ਕੌਮੀ ਰਾਊਂਡ 19, 20 ਤੇ 21 ਜਨਵਰੀ 2020 ਨੂੰ ਹੋ ਰਿਹਾ ਹੈ। ਉਨ੍ਹਾਂ ਕਿਹਾ ਅੰਮਿ੍ਤਸਰ ਜ਼ਿਲ੍ਹੇ 'ਚ 0 ਤੋਂ 5 ਸਾਲ ਤੱਕ ਦੇ 312665 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਲਾਜ਼ਮੀ ਪਿਆਈਆਂ ਜਾਣ, ਇਸ ਉਮਰ ਪੜਾਅ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੋਲੀਓ ਟੀਮਾਂ ਦਾ ਸਹਿਯੋਗ ਕਰਨ ਤਾਂ ਜੋ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹਿ ਸਕੇ।

ਡਾ. ਪ੍ਰਭਦੀਪ ਕੌਰ ਜੌਹਲ ਸਿਵਲ ਸਰਜਨ ਨੇ ਦੱਸਿਆ ਕਿ ਸਵੈ ਸੇਵੀ ਸੰਸਥਾਵਾਂ ਤੇ ਵਿਭਾਗਾਂ ਦੇ ਸਹਿਯੋਗ ਨਾਲ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ, ਪਬਲਿਕ ਥਾਵਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸਕੂਲਾਂ ਤੇ ਚੌਕਾਂ 'ਤੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾਣਗੀਆਂ। ਉਨ੍ਹਾਂ ਦੱਸਿਆ ਇਸ ਲਈ 1429 ਬੂਥ,2858 ਟੀਮਾਂ,292 ਸੁਪਰਵਾਈਜ਼ਰ, 48 ਮੋਬਾਈਲ ਟੀਮਾਂ ਤੇ 76 ਟਰਾਂਸਿਟ ਟੀਮਾਂ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਦੱਸਿਆ ਪੋਲੀਓ ਬੂੰਦਾਂ ਪਿਆਉਣ ਲਈ ਬੱਸ ਅੱਡੇ ਤੇ ਰੇਲਵੇ ਸਟੇਸ਼ਨਾਂ ਤੇ ਵੀ ਟੀਮਾਂ ਲਾਈਆਂ ਗਈਆਂ ਹਨ। ਭੱਠਿਆਂ, ਫੈਕਟਰੀਆਂ, ਉਸਾਰੀ ਵਾਲੀਆਂ ਥਾਵਾਂ ਤੇ ਝੁੱਗੀਆਂ ਝੌਂਪੜੀਆਂ ਆਦਿ ਨੂੰ ਕਵਰ ਕਰਨ ਲਈ ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਸ ਸਬੰਧੀ ਕੰਮ ਨੇਪਰੇ ਚਾੜ੍ਹਨ ਲਈ ਸੁਪਰਵਾਇਜ਼ਰ ਵੀ ਲਾਏ ਗਏ ਹਨ।

ਸਿਵਲ ਸਰਜਨ ਨੇ ਦੱਸਿਆ ਇਸ ਦੌਰਾਨ ਸਾਰੇ ਬਲਾਕਾਂ 'ਚ ਬਲਾਕ ਪੱਧਰ ਦੀਆਂ ਟਰੇਨਿੰਗਾਂ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਦੇਖ-ਰੇਖ ਹੇਠ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਿੰਗਾਂ 'ਚ ਕਰਮਚਾਰੀਆਂ ਨੂੰ ਪਲਸ ਪੋਲੀਓ ਰਾਊਂਡ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਟਰੇਨਿੰਗ ਦਿੱਤੀ ਜਾ ਰਹੀ ਹੈ।

ਇਸ ਮੌਕੇ ਡਾ. ਵਿਨੋਦ ਕੁੰਡਲ ਨੇ ਦੱਸਿਆ ਜ਼ਿਲ੍ਹੇ ਅੰਦਰ ਪੈਂਦੇ ਸਾਰੇ ਟੋਲ ਪਲਾਜ਼ਾ ਤੇ ਵੀ ਟੀਮਾਂ ਦੀ ਡਿਊਟੀ ਲਾਈ ਗਈ ਹੈ ਜੋ ਜ਼ਿਲ੍ਹੇ ਤੋ ਬਾਹਰੋਂ ਆਉਂਦੇ ਜਾਂ ਜਾਂਦੇ ਬੱਚਿਆਂ ਨੂੰ ਵੀ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾ ਸਕਣ। ਉਨ੍ਹਾਂ ਕਿਹਾ ਇਸ ਤੋ ਇਲਾਵਾ 22 ਜਨਵਰੀ ਨੂੰ ਵੀ ਪੋਲੀਓ ਰੋਕੂ ਟੀਮਾਂ ਦੁਆਰਾ ਘਰੋ ਘਰੀਂ ਜਾ ਕੇ ਨਿਰੀਖਣ ਕੀਤਾ ਜਾਵੇਗਾ ਕਿ ਕੋਈ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਮੇਸ਼ਪਾਲ ਸਿੰਘ ਨੇ ਕਿਹਾ ਸਾਨੂੰ ਜਿੱਥੇ ਟੀਕਾਕਰਨ ਨੂੰ ਹੋਰ ਮਜਬੂਤ ਕਰਨ ਦੀ ਲੋੜ ਹੈ ਉੱਥੇ ਪੋਲੀਓ ਦੇ ਮਾਮਲੇ 'ਚ ਵੀ ਅਹਿਤਿਆਤ ਵਰਤਣ ਦੀ ਲੋੜ ਹੈ।