ਜਰਨੈਲ ਸਿੰਘ ਤੱਗੜ, ਕੱਥੂਨੰਗਲ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਦੀ ਸਰਕਾਰ ਦੀ ਆਪਣੀ ਕਾਰਗਜ਼ਾਰੀ ਸਿਫਰ ਦੇ ਬਰਾਬਰ ਹੈ ਤੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਤਿੰਨ ਸਾਲ ਤੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਦਕਿ ਕੇਂਦਰ ਤੋਂ ਮਿਲਣ ਵਾਲੇ ਐਵਾਰਡ ਹਾਸਲ ਕਰਨ ਸਮੇਂ ਇਹ ਭੁੱਲ ਜਾਂਦੇ ਹਨ ਕਿ ਉਹ ਐਵਾਰਡ ਅਕਾਲੀ-ਭਾਜਪਾ ਸਰਕਾਰ ਵਲੋਂ ਹਾਸਲ ਕੀਤੀਆਂ ਪ੍ਰਰਾਪਤੀਆਂ ਸਦਕਾ ਹੀ ਮਿਲ ਰਹੇ ਹਨ।

ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਵਰਕਰਾਂ ਨਾਲ ਵਿਚਾਰ ਚਰਚਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮਜੀਠੀਆ ਨੇ ਕਿਹਾ ਚੋਣ ਵਾਅਦੇ ਪੂਰੇ ਕਰਨ ਦੀ ਬਜਾਏ ਆਪਣੇ ਸਲਾਹਕਾਰਾਂ ਦੀ ਫੌਜ ਖੜ੍ਹੀ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਵਾਅਦੇ ਮੁਤਾਬਕ ਨਾ ਨੌਜਵਾਨਾਂ ਨੂੰ ਨੌਕਰੀਆਂ, ਨਾ ਕਰਜਾਈ ਕਿਸਾਨਾਂ ਦਾ ਕਰਜਾ ਮਾਫ ਤੇ ਨਾ ਹੀ ਪੈਨਸ਼ਨਾਂ ਵਜੀਫੇ ਆਦਿ ਦਿੱਤੇ ਜਾ ਰਹੇ ਹਨ। ਮਜੀਠੀਆ ਨੇ ਕਿਹਾ ਸਰਕਾਰ ਦੇ ਮੰਤਰੀਆਂ ਦੀ ਗੈਂਗਸਟਰਾਂ ਨਾਲ ਜੱਗ ਜਾਹਰ ਹੋ ਰਹੀ ਸਾਂਝ ਨੇ ਸਾਬਤ ਕਰ ਦਿੱਤਾ ਹੈ ਕਿ ਸੂਬੇ ਦਾ ਮਾਹੋਲ ਖਰਾਬ ਕਰਨ 'ਚ ਸਰਕਾਰ ਦਾ ਪੂਰਾ ਹੱਥ ਹੈ।

ਇਸ ਮੌਕੇ ਮੇਜਰ ਸ਼ਿਵਚਰਨ ਸਿੰਘ ਓਐੱਸਡੀ ਮਜੀਠੀਆ, ਲਖਬੀਰ ਸਿੰਘ ਲੱਖਾ ਸਿਆਸੀ ਸਕੱਤਰ ਮਜੀਠੀਆ, ਬਲਾਕ ਸੰਮਤੀ ਮੈਂਬਰ ਲਖਬੀਰ ਸਿੰਘ ਤਤਲਾ, ਡਾ. ਪਾਲ ਸਿੰਘ ਕੱਥੂਨੰਗਲ, ਸੁੱਚਾ ਸਿੰਘ ਕੱਥੂਨੰਗਲ, ਸਾਬਕਾ ਸਰਪੰਚ ਕਵਲਜੀਤ ਸਿੰਘ, ਸਾਬਕਾ ਸਰਪੰਚ ਡਿੰਪਲ ਅੱਡਾ ਕੱਥੂਨੰਗਲ, ਸੁਖਦੀਪ ਸਿੰਘ ਦੀਪੀ ਸਰਪੰਚ ਆਦਿ ਹਾਜ਼ਰ ਸਨ।