ਜੇਐੱਨਐੱਨ, ਅੰਮਿ੍ਰਤਸਰ : ਨਿਗਮ ਦੀ ਹਾਊਸ ਟੈਕਸ ਵਿਭਾਗ ਦੀ ਟੀਮ ਨੇ ਪੁਲਿਸ ਨੂੰ ਨਾਲ ਕੈ ਕੇ ਸ਼ੁੱਕਰਵਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਛਾਪੇਮਾਰੀ ਕਰਕੇ 15 ਡਿਫਾਲਟਰ ਜਾਇਦਾਦਾਂ ਨੂੰ ਸੀਲ ਕੀਤਾ ਹੈ। ਇਹ ਕਾਰਵਾਈ ਰਣਜੀਤ ਐਵਨਿਉ ਸੀ ਬਲਾਕ, ਕਵੀਂਸ ਰੋਡ, ਲਾਰੰਸ ਰੋਡ, ਜਗਦੰਬੇ ਕਾਲੋਨੀ ਤੇ ਰਾਮ ਬਲੀ ਚੌਕ 'ਚ ਕੀਤੀ ਗਈ। ਟੀਮ 'ਚ ਨੋਡਲ ਅਧਿਕਾਰੀ ਪ੍ਰਦੀਪ ਕੁਮਾਰ, ਦਵਿੰਦਰ ਬੱਬਰ, ਇੰਸ. ਸੰਜੇ ਗੁਪਤਾ, ਪ੍ਰਦੀਪ ਭੱਟੀ, ਅਜੀਤ ਸਿੰਘ, ਪਵਨ ਕੁਮਾਰ, ਮਨਦੀਪ ਸਿੰਘ ਤੇ ਵਰਿੰਦਰ ਸਿੰਘ ਸ਼ਾਮਲ ਸੀ।

ਨੋਡਲ ਅਧਿਕਾਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸੀਲ ਕੀਤੀਆਂ ਗਈਆਂ ਜਾਇਦਾਦਾਂ ਨੂੰ ਪਹਿਲਾਂ ਕਈ ਵਾਰ ਨੋਟਿਸ ਦਿੱਤਾ ਜਾ ਚੁੱਕਾ ਹੈ। ਪਰ ਉਨ੍ਹਾਂ ਵੱਲੋਂ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ ਸੀ, ਜਿਸ ਤਹਿਤ ਉਨ੍ਹਾਂ ਆਪਣੀ ਟੀਮ ਨਾਲ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਟੈਕਸ ਅਦਾ ਕਰਨ ਲਈ ਨਗਰ ਨਿਗਮ 'ਚ ਕਾਉਂਟਰ ਸਥਾਪਿਤ ਕੀਤੇ ਗਏ ਹਨ। ਇਸ ਦੇ ਇਲਾਵਾ ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ। ਬਾਵਜੂਦ ਇਸ ਦੇ ਬਹੁਤੇ ਲੋਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਅਦਾ ਨਹੀਂ ਕਰ ਰਹੇ। ਇਸ ਕਾਰਨ ਸਖ਼ਤੀ ਕਰਨੀ ਪੈ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰੇਕ ਨਾਗਰਿਕ ਆਪਣਾ ਫਰਜ਼ ਨਿਭਾਉਂਦੇ ਹੋਏ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਏ।