ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਅਨ ਐਸੋਸੀਏਸ਼ਨ ਕਾਈਰੋਪ੍ਰਰੈਕਟਿਕ ਡਾਕਟਰਜ਼ ਵੱਲੋਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਵਿਖੇ ਤਿੰਨ ਦਿਨਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ, ਜਿਸ ਦਾ ਲਗਪਗ 3500 ਲੋਕਾਂ ਨੇ ਲਾਭ ਲਿਆ। ਦੱਸਣਯੋਗ ਹੈ ਕਿ ਕਾਈਰੋਪ੍ਰਰੈਕਟਿਕ ਇਲਾਜ ਪ੍ਰਣਾਲੀ ਨੂੰ ਪੂਰੇ ਵਿਸ਼ਵ ਅੰਦਰ ਉਭਾਰਨ ਲਈ ਇਹ ਸੰਸਥਾ ਯਤਨਸ਼ੀਲ ਹੈ। ਇਸ ਤਹਿਤ ਕਮਰ ਦਰਦ, ਸਿਰ ਦਰਦ, ਗਰਦਨ ਦਰਦ, ਟਰੋਮਾ, ਲੱਤਾਂ ਦਾ ਦਰਦ, ਜੋੜਾ ਦਾ ਦਰਦ, ਰੀੜ ਦੀ ਹੱਡੀ ਦੇ ਦਰਦ ਆਦਿ ਤੋਂ ਛੁਟਕਾਰੇ ਲਈ ਇਲਾਜ ਕੀਤਾ ਜਾਂਦਾ ਹੈ।

ਖ਼ਾਸ ਤੌਰ 'ਤੇ ਇਹ ਇਲਾਜ ਨਸਾਂ ਤੇ ਰੀੜ ਦੀ ਹੱਡੀ ਨਾਲ ਸਬੰਧਤ ਹੁੰਦਾ ਹੈ। ਇਸ ਅਨੁਸਾਰ ਬਿਨਾਂ ਦਵਾਈ ਤੋਂ ਪਿੱਠ, ਗਰਦਨ ਤੇ ਜੋੜਾਂ ਆਦਿ ਦੀ ਕਸਰਤ ਕਰਵਾਈ ਜਾਂਦੀ ਹੈ। ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਿੰਮੀ ਨੰਦਾ ਨੇ ਦੱਸਿਆ ਇਹ ਇਲਾਜ ਪ੍ਰਣਾਲੀ ਬਿਲਕੁਲ ਕੁਦਰਤੀ ਹੈ। ਨਸਾਂ ਤੇ ਰੀੜ ਦੀ ਹੱਡੀ ਦਾ ਮਨੁੱਖੀ ਸਰੀਰ ਅੰਦਰ ਅਹਿਮ ਯੋਗਦਾਨ ਹੁੰਦਾ ਹੈ ਤੇ ਇਸ ਨੂੰ ਤੰਦਰੁਸਤ ਤੇ ਨਰੋਆ ਰੱਖਣ ਲਈ ਇਸ ਦੀ ਕਸਰਤ ਜ਼ਰੂਰੀ ਹੈ। ਕਾਇਰੋਪ੍ਰਰੈਕਟਿਕ ਰਾਹੀਂ ਇਹ ਸੰਭਵ ਹੈ। ਉਨ੍ਹਾਂ ਦੱਸਿਆ ਕੈਂਪ ਦੌਰਾਨ 20 ਮਾਹਰ ਡਾਕਟਰ ਅਮਰੀਕਾ, ਕੈਨੇਡਾ, ਸਪੇਨ, ਜਰਮਨੀ, ਇਟਲੀ, ਯੂਕੇ ਆਦਿ ਤੋਂ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਇਸ ਵਕਤ ਪੂਰੇ ਭਾਰਤ ਅੰਦਰ ਇਸ ਦੇ ਕੇਵਲ 16 ਦੇ ਕਰੀਬ ਹੀ ਡਾਕਟਰ ਮੌਜੂਦ ਹਨ, ਜਦਕਿ ਐਸੋਸੀਏਸ਼ਨ ਵੱਲੋਂ ਇਸ ਇਲਾਜ ਪ੍ਰਣਾਲੀ ਦੇ ਉਭਾਰ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੈਂਪ ਲਾਉਣ ਪੁੱਜੇ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ।