ਵਿਨੋਦ ਕੁਮਾਰ, ਨੰਗਲੀ : ਭਗਵਾਨ ਵਾਲਮੀਕਿ ਕ੍ਾਂਤੀ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਤੇ ਭਗਵਾਨ ਵਾਲਮੀਕਿ ਸ਼ਕਤੀ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਵੈਦ ਦੀ ਅਗਵਾਈ ਹੇਠ ਥਾਣਾ ਮਹਿਤਾ ਅਧੀਨ ਆਉਦੇ ਪਿੰਡ ਖੱਬੇ ਰਾਜਪੂਤਾਂ ਵਿਖੇ ਇਸਾਈ ਭਾਈਚਾਰੇ ਵੱਲੋਂ ਪਲਾਟ ਤੇ ਕਬਜਾ ਕਰਨ ਦੀ ਨੀਯਤ ਨਾਲ ਭਗਵਾਨ ਵਾਲਮੀਕਿ ਜੀ ਦਾ ਨਿਸ਼ਾਨ ਸਾਹਿਬ ਤੋੜਣ ਦੇ ਦੋਸ਼ ਲਾਉਂਦੇ ਹੋਏ ਕਾਰਵਾਈ ਦੀ ਮੰਗ ਨੂੰ ਲੈ ਕੇ ਭਗਵਾਨ ਵਾਲਮੀਕਿ ਭਾਈਚਾਰੇ ਵੱਲੋਂ ਅੰਮਿ੍ਤਸਰ ਦੇ ਏਡੀਸੀ ਹਿਮਾਂਸ਼ੂ ਅਗਰਵਾਲ ਨੂੰ ਮੰਗ ਪੱਤਰ ਦਿੱਤਾ ਗਿਆ।

ਜਾਣਕਾਰੀ ਦਿੰਦੇ ਉਕਤ ਆਗੂਆਂ ਨੇ ਦੱਸਿਆ ਪਿੰਡ ਖੱਬੇ ਰਾਜਪੂਤਾਂ ਵਿਖੇ ਪੰਚਾਇਤ ਵੱਲ ਵਾਲਮੀਕਿ ਭਾਈਚਾਰੇ ਲਈ ਪਲਾਟ ਦਿੱਤਾ ਗਿਆ, ਜਿਸ ਦਾ ਖਸਰਾ ਨੰਬਰ 222 ਹੈ ਜਿਸ ਵਿਚ ਵਾਲਮੀਕਿ ਭਾਈਚਾਰੇ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਮੰਦਰ ਬਣਾਉਣ ਲਈ ਨਿਸ਼ਾਨ ਸਾਹਿਬ ਲਾਇਆ ਗਿਆ ਸੀ ਪਰ ਕੁੱਝ ਦਿਨ ਪਹਿਲਾਂ ਇਸਾਈ ਭਾਈਚਾਰੇ ਵੱਲੋਂ ਪਲਾਟ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਿਸ਼ਾਨ ਸਾਹਿਬ ਨੂੰ ਤੋੜ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਹੈ, ਜਿਸ ਨਾਲ ਵਾਲਮੀਕਿ ਭਾਈਚਾਰੇ ਵਿਚ ਰੋਸ ਹੈ। ਇਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਥਾਂ ਕਬਜਾ ਕਰਵਾਉਣ ਵਿਚ ਇਸਾਈ ਭਾਈਚਾਰੇ ਦੀ ਸਲੀਬ ਲਗਵਾ ਦਿੱਤੀ ਹੈ। ਉਕਤ ਆਗੂਆਂ ਨੇ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਬੇਅਦਬੀ ਕਰਨ ਵਾਲਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਏਡੀਸੀ ਹਿਮਾਂਸੂ ਅਗਰਵਾਲ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਐੱਸਡੀਐੱਮ ਬਾਬਾ ਬਕਾਲਾ ਤੋਂ ਜਾਂਚ ਕਰਵਾ ਕੇ ਮਾਮਲਾ ਸੁਲਝਾ ਲਿਆ ਜਾਵੇਗਾ। ਇਸ ਮੌਕੇ ਮਨਦੀਪ ਸਿੰਘ, ਗੁਰਚਰਨ ਸਿੰਘ, ਕੇਵਲ ਸਿੰਘ, ਬਲਦੇਵ ਸਿੰਘ, ਅੰਗਰੇਜ਼ ਸਿੰਘ, ਤਰਸੇਮ ਸਿੰਘ, ਕਰਨ ਸਿੰਘ, ਸੁਖਦੇਵ ਸਿੰਘ, ਕਰਮ ਸਿੰਘ ਆਦਿ ਹਾਜ਼ਰ ਸਨ।