ਜੇਐੱਨਐੱਨ, ਅੰਮਿ੍ਤਸਰ : ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਲੋਂ ਸੰਚਾਲਿਤ ਗੁਰੂ ਨਾਨਕ ਦੇਵ ਹਸਪਤਾਲ 'ਚ ਦਿਲ ਦੇ ਮਰੀਜ਼ਾਂ ਨਾਲ ਖਿਲਵਾੜ ਹੋ ਰਿਹਾ ਹੈ। ਇਸ ਹਸਪਤਾਲ 'ਚ ਦਿਲ ਦੀਆਂ ਬਿਮਾਰੀਆਂ ਦੀ ਜਾਂਚ 'ਚ ਵਰਤੋਂ ਹੋਣ ਵਾਲੀ ਪੋਰਟੇਬਲ ਈਸੀਜੀ ਮਸ਼ੀਨ ਦੋ ਮਹੀਨੇ ਤੋਂ ਖ਼ਰਾਬ ਹੈ। ਮਸ਼ੀਨ ਦਾ ਇਸਤੇਮਾਲ ਹਸਪਤਾਲ ਦੀ ਸਰਜਰੀ, ਮੈਡੀਸਨ ਵਾਰਡਾਂ, ਆਈਸੀਯੂ, ਗਾਇਨੀ ਵਿਭਾਗ, ਐਮਰਜੈਂਸੀ 'ਚ ਕੀਤਾ ਜਾਂਦਾ ਹੈ। ਹੁਣ ਜਦਕਿ ਪੋਰਟੇਬਲ ਮਸ਼ੀਨ ਖ਼ਰਾਬ ਹੈ ਤਾਂ ਵਿਸ਼ੇਸ਼ ਹਾਲਾਤ 'ਚ ਈਸੀਜੀ ਟੈਕਨੀਸ਼ੀਅਨ ਫਿਕਸ ਈਸੀਜੀ ਮਸ਼ੀਨ ਨੂੰ ਚੁੱਕ ਕੇ ਵਾਰਡਾਂ 'ਚ ਲੈ ਜਾਂਦੇ ਹਨ। ਦਰਅਸਲ, ਦੋ ਸਾਲ ਪਹਿਲਾਂ ਖਰੀਦੀ ਗਈ ਪੋਰਟੇਬਲ ਈਸੀਜੀ ਮਸ਼ੀਨ ਤੋਂ ਹੁਣ ਤੱਕ 26 ਹਜ਼ਾਰ ਈਸੀਜੀ ਟੈਸਟ ਕੀਤੇ ਜਾ ਚੁੱਕੇ ਹਨ। ਪੋਰਟੇਬਲ ਮਸ਼ੀਨ ਦਾ ਸਭ ਤੋਂ ਵੱਡਾ ਲਾਭ ਇਹ ਸੀ ਕਿ ਇਸ ਨੂੰ ਚੁੱਕ ਕੇ ਕਿਸੇ ਵੀ ਵਾਰਡ ਵਿਚ ਲੈ ਜਾ ਕੇ ਮਰੀਜ ਦੀ ਜਾਂਚ ਕੀਤੀ ਜਾ ਸਕਦੀ ਸੀ। ਦਿਲ ਦੀਆਂ ਬਿਮਾਰੀਆਂ ਦੀ ਜਾਂਚ ਲਈ ਇਸ ਮਸ਼ੀਨ ਦੀ ਲੋੜ ਹੈ। ਇਸ ਦੇ ਇਲਾਵਾ ਕਿਸੇ ਵੀ ਮਰੀਜ ਦੀ ਮੌਤ ਹੋਣ 'ਤੇ ਈਸੀਜੀ ਟੈਸਟ ਦੇ ਬਾਅਦ ਹੀ ਡਾਕਟਰ ਉਸ ਨੂੰ ਮਿ੍ਤਕ ਕਰਾਰ ਕਰ ਸਕਦੇ ਹਨ। ਮੌਜੂਦਾ ਸਮੇਂ ਫਿਕਸ ਈਸੀਜੀ ਮਸ਼ੀਨ ਨੂੰ ਚੁੱਕ ਕੇ ਵਾਰਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਹ ਵੀ ਤੱਦ ਜਦੋਂ ਕਿਸੇ ਮਰੀਜ਼ ਦੀ ਮੌਤ ਹੋ ਜਾਵੇ ਜਾਂ ਗਰਭਵਤੀ ਦੀ ਜਾਂਚ ਕੀਤੀ ਜਾਣੀ ਹੋਵੇ। ਫਿਕਸ ਈਸੀਜੀ ਮਸ਼ੀਨ ਕਾਫ਼ੀ ਭਾਰੀ ਹੈ। ਇਸ ਨੂੰ ਦੋ ਕਰਮਚਾਰੀ ਚੁੱਕ ਕੇ ਵਾਰਡਾਂ ਤੱਕ ਲੈ ਜਾ ਸਕਦੇ ਹਨ। ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਮੁੱਖ ਚਿਕਿਤਸਾ ਸੰਸਥਾਨ 'ਚ ਇਨਡੋਰ ਪੇਸ਼ੈਂਟਸ ਦੀ ਜਾਂਚ ਲਈ ਕੇਵਲ ਇਕ ਪੋਰਟੇਬਲ ਮਸ਼ੀਨ ਹੀ ਕਿਉਂ ਹੈ?

1200 ਬੈੱਡ ਵਾਲੇ ਇਸ ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ ਇਨੀ ਹੈ ਕਿ ਕਿਰਾਏ 'ਤੇ ਬੈੱਡ ਮੰਗਵਾ ਕੇ ਵਾਰਡਾਂ 'ਚ ਲਾਏ ਜਾਂਦੇ ਹਨ। ਸਾਰੇ ਮਰੀਜ਼ਾਂ ਨੂੰ ਈਸੀਜੀ ਟੈਸਟ ਕਰਵਾਉਣਾ ਲਾਜ਼ਮੀ ਹੁੰਦਾ ਹੈ, ਜੋ ਅੱਜ ਸੰਭਵ ਨਹੀਂ ਹੈ। ਪੋਟਰੇਬਲ ਮਸ਼ੀਨ ਖ਼ਰਾਬ ਹੋਣ ਦਾ ਸਭ ਤੋਂ ਵੱਧ ਮੁਨਾਫ਼ਾ ਨਿੱਜੀ ਡਾਇਗਨੋਸਟਿਕ ਸੈਂਟਰਾਂ ਦੇ ਸੰਚਾਲਕਾਂ ਨੂੰ ਹੋ ਰਿਹਾ ਹੈ। ਇਹ ਸੰਚਾਲਕ ਆਪਣੇ ਕਰਿੰਦਿਆਂ ਹੱਥੀਂ ਪੋਰਟੇਬਲ ਮਸ਼ੀਨਾਂ ਹਸਪਤਾਲ 'ਚ ਭੇਜ ਰਹੇ ਹਨ ਤੇ ਮਰੀਜ਼ਾਂ ਤੋਂ 100 ਤੋਂ 150 ਰੁਪਏ ਟੈਸਟ ਦੇ ਵਸੂਲੇ ਜਾ ਰਹੇ ਹਨ। ਸਰਕਾਰੀ ਈਸੀਜੀ ਮਸ਼ੀਨ ਤੋਂ ਇਹ ਟੈਸਟ ਸਿਰਫ਼ 60 ਰੁਪਏ 'ਚ ਕੀਤਾ ਜਾਂਦਾ ਹੈ। ਆਯੂੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਧਾਰਕ ਮਰੀਜਾਂ ਨੂੰ ਵੀ ਇਨ੍ਹਾਂ ਕਾਰਿੰਦਿਆਂ ਦੇ ਹੱਥੀਂ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜਦੋਂ ਕਿ ਸਰਕਾਰੀ ਗਾਇਡਲਾਇਨ ਦੇ ਅਨੁਸਾਰ ਕਾਰਡ ਧਾਰਕਾਂ ਦਾ ਇਲਾਜ ਅਤੇ ਸਾਰੇ ਟੈਸਟ ਮੁਫਤ ਹੋਣੇ ਚਾਹੀਦਾ ਹਨ।

- ਅਸੀਂ ਦੋ ਮਸ਼ੀਨਾਂ ਖਰੀਦਾਂਗੇ : ਐੱਮਐੱਸ

ਹਸਪਤਾਲ ਦੇ ਐੱਮਐੱਸ ਡਾ. ਜਗਦੇਵ ਸਿੰਘ ਕੁਲਾਰ ਦਾ ਕਹਿਣਾ ਹੈ ਕਿ ਈਸੀਜੀ ਮਸ਼ੀਨ ਦੇ ਖ਼ਰਾਬ ਹੋਣ ਦੀਆਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ। ਉਹ ਪੋਰਟੇਬਲ ਮਸ਼ੀਨ ਦੀ ਆਪਣੇ ਪੱਧਰ 'ਤੇ ਖ਼ਰੀਦ ਕਰਨ ਵਿਚ ਸਮਰਥ ਹਨ। ਇਸ ਸਬੰਧੀ ਮੈਡੀਸਨ ਵਿਭਾਗ ਦੇ ਡਾਕਟਰ ਦੀ ਡਿਊਟੀ ਲਾਈ ਗਈ ਹੈ। ਵੀਰਵਾਰ ਤੱਕ ਅਸੀ ਦੋ ਪੋਰਟੇਬਲ ਮਸ਼ੀਨਾਂ ਖਰੀਦ ਲਵਾਂਗੇ।