ਜੇਐੱਨਐੱਨ, ਅੰਮਿ੍ਤਸਰ : ਡੇਂਗੂ ਮੱਛਰ ਦੀ ਤਾਕਤ ਦੇ ਸਾਹਮਣੇ ਸਿਹਤ ਵਿਭਾਗ ਕਮਜੋਰ ਪੈ ਗਿਆ ਹੈ। ਅੰਮਿ੍ਤਸਰ ਵਿਚ ਪੂਰੀ ਤਰ੍ਹਾਂ ਹਾਵੀ ਹੋ ਚੁੱਕੇ ਡੇਂਗੂ ਮੱਛਰ ਨੇ ਹੁਣ ਤੱਕ 751 ਲੋਕਾਂ ਨੂੰ ਡੇਂਗੂ ਪਾਜੀਟਿਵ ਬਣਾਇਆ ਹੈ, ਉਥੇ ਹੀ 16 ਲੋਕਾਂ ਦੀ ਮੌਤ ਵੀ ਹੋਈ ਹੈ। ਹਾਲਾਂਕਿ ਸਿਹਤ ਵਿਭਾਗ ਨੇ ਡੇਂਗੂ ਤੋਂ ਮੌਤਾਂ ਨੂੰ ਨਕਾਰਿਆ ਹੈ। ਪਰ ਡੇਂਗੂ ਮੱਛਰ ਦੇ ਕਹਿਰ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜ਼ਿਲ੍ਹੇ 'ਚ 1200 ਤੋਂ ਵੱਧ ਲੋਕ ਸ਼ੱਕੀ ਬੁਖਾਰ ਨਾਲ ਤੜਪ ਰਹੇ ਹਨ। ਇਨ੍ਹਾਂ ਨੂੰ ਡੇਂਗੂ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਲਈ ਸਰਕਾਰੀ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਸਥਿਤ ਲੈਬੋਰੇਟਰੀ 'ਚ ਮੈਕਲਾਇਜਾ ਟੈਸਟ ਕੀਤਾ ਜਾ ਰਿਹਾ ਹੈ। ਸ਼ਰਮਨਾਕ ਪਹਿਲੂ ਇਹ ਹੈ ਕਿ ਜਿਆਦਾਤਰ ਮਰੀਜਾਂ ਨੂੰ ਦਸ-ਦਸ ਦਿਨ ਲੰਘਣ ਉੱਤੇ ਵੀ ਰਿਪੋਰਟ ਨਹੀਂ ਮਿਲ ਰਹੀ। ਸਿਵਲ ਹਸਪਤਾਲ ਸਥਿਤ ਆਈਡੀਐੱਸਪੀ ਲੈਬ 'ਚ ਸ਼ੁੱਕਰਵਾਰ ਸ਼ਾਮ 200 ਤੋਂ ਵੱਧ ਸੈਂਪਲ ਰੱਖੇ ਗਏ, ਜਿਨ੍ਹਾਂ ਦੀ ਜਾਂਚ ਦੇ ਬਾਅਦ ਰਿਪੋਰਟ ਦਿੱਤੀ ਜਾਣੀ ਹੈ। ਸ਼ਨਿੱਚਰਵਾਰ ਇਹ ਲੈਬ ਦੁਪਹਿਰ ਬਾਰਾਂ ਵਜੇ ਤੱਕ ਖੁੱਲੀ, ਪਰ ਐਤਵਾਰ, ਸੋਮਵਾਰ ਤੇ ਮੰਗਲਵਾਰ ਸਰਕਾਰੀ ਛੁੱਟੀ ਹੋਣ ਕਾਰਨ ਬੰਦ ਰਹੇਗੀ। ਅਜਿਹੇ 'ਚ ਇਨ੍ਹਾਂ 200 ਸੈਂਪਲਾਂ ਦੀ ਜਾਂਚ ਹੁਣ ਚਾਰ ਦਿਨ ਬਾਅਦ ਹੋ ਸਕੇਗੀ। ਅੰਦਾਜ਼ਾ ਲਾ ਸਕਦੇ ਹੋ ਕਿ ਜੋ ਮਰੀਜ਼ ਸ਼ੱਕੀ ਬੁਖਾਰ ਨਾਲ ਤੜਪ ਰਹੇ ਹਨ, ਉਨ੍ਹਾਂ ਵਿਚ ਡੇਂਗੂ ਪਾਜੀਟਿਵ ਵੀ ਹੋਣਗੇ ਪਰ ਜਦੋਂ ਤੱਕ ਰਿਪੋਰਟ ਨਹੀਂ ਆ ਜਾਂਦੀ ਉਨ੍ਹਾਂ ਨੂੰ ਡੇਂਗੂ ਦਾ ਇਲਾਜ ਨਹੀਂ ਕੀਤਾ ਜਾ ਸਕਦਾ। ਲੈਬ ਦਾ ਸਟਾਫ ਇਨ੍ਹਾਂ ਸੈਂਪਲਾਂ ਨੂੰ ਫਰੀਜਰ ਵਿਚ ਰੱਖ ਕੇ ਚਲਾ ਗਿਆ। ਇੱਥੇ ਬਸ ਨਹੀਂ ਆਮ ਦਿਨਾਂ ਵਿਚ ਸਿਵਲ ਹਸਪਤਾਲ ਸਥਿਤ ਆਈਡੀਐੱਸਪੀ ਲੈਬ ਸਵੇਰੇ ਅੱਠ ਵਜੇ ਖੁੱਲ੍ਹਦੀ ਹੈ ਤੇ ਦੁਪਹਿਰ ਦੋ ਵਜੇ ਬੰਦ ਕਰ ਦਿੱਤੀ ਜਾਂਦੀ ਹੈ। ਡੇਂਗੂ ਮੱਛਰ ਵਲੋਂ ਮਚਾਈ ਜਾ ਰਹੀ ਤਬਾਹੀ ਦੇ ਬਾਵਜੂਦ ਸਿਹਤ ਵਿਭਾਗ ਨੇ ਇਸ ਲੈਬ ਨੂੰ 24 ਘੰਟੇ ਕਾਰਜ ਅਧੀਨ ਨਹੀਂ ਕੀਤਾ। ਇੱਥੇ ਦੋ ਟੈਕਨੀਸ਼ੀਅਨ ਹਨ, ਜਿਨ੍ਹਾਂ ਨੂੰ ਰੋਟੇਸ਼ਨ ਵਾਈਜ ਡਿਊਟੀ 'ਤੇ ਲਾ ਕੇ ਲੈਬ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕਦਾ ਹੈ। ਅਜਿਹਾ ਨਹੀਂ ਕੀਤਾ ਜਾ ਰਿਹਾ, ਨਤੀਜਾ ਸ਼ੱਕੀ ਬੁਖਾਰ ਤੋਂ ਪੀੜਤ ਮਰੀਜਾਂ ਨੂੰ ਅੱਠ ਤੋਂ ਦਸ ਦਿਨ ਬਾਅਦ ਰਿਪੋਰਟ ਦਿੱਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਦੀ ਦਲੀਲ਼ ਹੈ ਕਿ ਆਈਡੀਐੱਸਪੀ ਲੈਬ ਅੱਜ ਦੁਪਹਿਰ ਬਾਰਾਂ ਵਜੇ ਤੱਕ ਖੁੱਲੀ ਰਹੀ। ਐਤਵਾਰ ਨੂੰ ਲੈਬ ਬੰਦ ਰਹੇਗੀ, ਪਰ ਉਹ ਸੋਮਵਾਰ ਲੈਬ ਖੋਲ੍ਹ ਕੇ ਸੈਂਪਲਾਂ ਦੀ ਜਾਂਚ ਕਰਾਵਾਉਣਗੇ।

-- ਅਜਨਾਲਾ ਤੋਂ ਆਏ ਸੈਂਪਲਾਂ ਦੀ ਜਾਂਚ ਰਿਪੋਰਟ ਦਸ ਦਿਨ ਬਾਅਦ ਮਿਲੀ

ਅਜਨਾਲਾ ਇਲਾਕੇ 'ਚ ਡੇਂਗੂ ਦਾ ਸਭ ਤੋਂ ਜਿਆਦਾ ਕਹਿਰ ਹੈ। ਪਿਛਲੇ ਹਫ਼ਤੇ ਅਜਨਾਲਾ ਤੋਂ ਤਿੰਨ ਸ਼ੱਕੀ ਮਰੀਜਾਂ ਦੇ ਬਲੱਡ ਸੈਂਪਲ ਸਿਵਲ ਹਸਪਤਾਲ ਸਥਿਤ ਆਈਡੀਐੱਸਪੀ ਲੈਬ ਭੇਜੇ ਗਏ ਸਨ। ਇਨ੍ਹਾਂ ਸੈਂਪਲਾਂ ਦੀ ਰਿਪੋਰਟ ਦਸ ਦਿਨ ਬਾਅਦ ਭੇਜੀ ਗਈ। ਅਸਲ ਵਿਚ ਕਈ ਮਰੀਜਾਂ ਦੀ ਟੈਸਟਿੰਗ ਰਿਪੋਰਟ ਤੱਦ ਆ ਰਹੀ ਹੈ ਜਦੋਂ ਜਾਂ ਤਾਂ ਉਹ ਠੀਕ ਹੋ ਗਿਆ ਹੁੰਦਾ ਹੈ ਜਾਂ ਫਿਰ ਮਰਜ ਵੱਧ ਗਿਆ ਹੁੰਦਾ ਹੈ।

ਬਾਕਸ . .

ਗੁਰੂ ਨਾਨਕ ਦੇਵ ਹਸਪਤਾਲ ਵਿਚ ਤਾਂ ਹਾਲਾਤ ਹੋਰ ਭਿਆਨਕ ਹੈ। ਇੱਥੇ ਡੇਂਗੂ ਟੈਸਟ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਡਾਕਟਰ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਉਨ੍ਹਾਂ ਕੋਲ ਕੰਮ ਦਾ ਬਹੁਤ ਬੋਝ ਹੈ, ਇਸ ਲਈ ਪੂਰਾ ਹਫ਼ਤਾ ਡੇਂਗੂ ਦੇ ਸੈਂਪਲਾਂ ਦੀ ਜਾਂਚ ਨਹੀਂ ਕਰ ਸਕਦੇ।