ਗਗਨਦੀਪ ਸਿੰਘ ਬੇਦੀ/ ਮਨਿੰਦਰ ਸਿੰਘ ਗੌਰੀ, ਅੰਮਿ੍ਤਸਰ : ਸ਼ਹਿਰ 'ਚੋਂ ਡੇਅਰੀਆਂ ਨੂੰ ਬਾਹਰ ਕੱਢਣ ਦਾ ਫੈਸਲਾ ਭਾਵੇਂ ਸਾਲਾਂ ਪਹਿਲਾਂ ਤੋਂ ਹੋ ਚੁਕਾ ਹੈ ਪਰ ਹਾਲੇ ਵੀ ਸ਼ਹਿਰ 'ਚ ਧੜੱਲੇ ਨਾਲ ਬਹੁਤ ਸਾਰੀਆਂ ਥਾਵਾਂ 'ਤੇ ਡੇਅਰੀਆਂ ਚੱਲ ਰਹੀਆਂ ਹਨ, ਜਿਸ ਨੂੰ ਦੇਖ ਕੁੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਿਗਮ ਦੀ ਹੱਦ ਅੰਦਰ ਬੇਨਿਯਮੀਆਂ ਬੇਲਗਾਮ ਹੋ ਚੁਕੀਆਂ ਹਨ ਤੇ ਨਗਰ ਨਿਗਮ ਅਧਿਕਾਰੀਆਂ 'ਤੇ ਸਿਆਸੀ ਸਿਫਾਰਿਸ਼ਾਂ ਭਾਰੂ ਪੈ ਰਹੀਆਂ ਹਨ। ਇਸ ਕਾਰਨ ਸ਼ਹਿਰ 'ਚ ਧੜੱਲੇ ਨਾਲ ਕਈ ਥਾਵਾਂ 'ਤੇ ਮੱਝਾਂ ਰੱਖਣ ਦਾ ਕਾਰੋਬਾਰ ਧੜੱਲੇ ਨਾਲ ਜਾਰੀ ਹੈ।

ਆਖਿਰ ਨਿਗਮ ਬੇਵੱਸ ਹੋਵੇ ਵੀ ਕਿਉਂ ਨਾ ਕਿਉਂਕਿ ਸ਼ਹਿਰ ਵਿਚ ਮੱਝਾਂ ਰੱਖਣ ਦਾ ਇਹ ਧੰਦਾ ਕਰਨ ਵਿਚ ਕੁੱਝ ਕੌਂਸਲਰ ਵੀ ਸ਼ਾਮਲ ਹਨ, ਜਿਨ੍ਹਾਂ ਬਾਰੇ ਅਧਿਕਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਚੁੱਪ ਰਹਿਣਾ ਪੈਂਦਾ ਹੈ ਤੇ ਇਲਾਕੇ ਦੇ ਕੁੱਝ ਲੋਕ ਇਸ ਦਾ ਵਿਰੋਧ ਕਰਦੇ ਤਾਂ ਹਨ ਪਰ ਸਾਹਮਣੇ ਆਉਣ ਤੋਂ ਇਸ ਲਈ ਡਰਦੇ ਹਨ ਕਿ ਇਲਾਕੇ ਦੇ ਕੌਂਸਲਰ ਦੀ ਵੱਡੀ ਸਿਆਸੀ ਪਛਾਣ ਹੋਣ ਕਰਕੇ ਕਿਤੇ ਉਨ੍ਹਾਂ ਨਾਲ ਕੋਈ ਧੱਕੇਸ਼ਾਹੀ ਹੀ ਨਾ ਕਰ ਦਿੱਤੀ ਜਾਵੇ। ਅਜਿਹੇ ਹੀ ਕੁਝ ਇਲਾਕੇ ਜਿਨ੍ਹਾਂ ਵਿਚ ਮੱਝਾਂ ਰੱਖਣ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਇਸ ਵਿਚ ਇਲਾਕਾ ਸਲਤਾਨਵਿੰਡ ਨਾਲ ਲੱਗਦੇ ਇਲਾਕੇ ਨਿਊ ਪ੍ਰਤਾਪ ਨਗਰ ਨੇੜੇ ਕਾਲਾ ਸਿੰਘ ਰੇਤ ਬਜ਼ਰੀ ਵਾਲਾ, ਆਜ਼ਾਦ ਨਗਰ, ਸੌ ਫੁੱਟੀ ਰੋਡ ਜਿਹੇ ਪਾਸ਼ ਇਲਾਕੇ ਵੀ ਸ਼ਾਮਲ ਹਨ। ਦਰਅਸਲ ਸ਼ਹਿਰੀ ਖੇਤਰਾਂ 'ਚ ਮੱਝਾਂ ਰੱਖਣ ਦੇ ਕਾਰੋਬਾਰ ਨਾਲ ਜਿੱਥੇ ਮੱਝਾਂ ਨੂੰ ਚਾਰਨ ਨਾਲ ਟ੍ਰੈਫਿਕ ਦੀ ਸਮੱਸਿਆ ਬਣਦੀ ਸੀ ਉੱਥੇ ਹੀ ਮੱਝਾਂ ਦੇ ਗੋਬਰ ਕਾਰਨ ਮੱਛਰਾਂ ਦੀ ਵੀ ਭਰਮਾਰ ਹੁੰਦੀ ਹੈ ਤੇ ਨਾਲ ਹੀ ਗੋਬਰ ਸੀਵਰੇਜ਼ ਦੀ ਬਲਾਕੇਜ਼ ਦਾ ਵੀ ਕਾਰਨ ਬਣ ਜਾਂਦੇ ਸਨ।

ਅਜਿਹੇ ਹਾਲਾਤ 'ਚ ਬਿਮਾਰੀਆਂ ਦਾ ਖਦਸ਼ਾ ਵੀ ਬਣਿਆ ਰਹਿੰਦਾ ਸੀ, ਜਿਸ ਨੂੰ ਧਿਆਨ ਵਿਚ ਰੱਖਦਿਆਂ ਸਰਕਾਰੀ ਹੁਕਮਾਂ 'ਤੇ ਡੇਅਰੀਆਂ ਦੇ ਕਾਰੋਬਾਰ ਨੂੰ ਸ਼ਹਿਰੋਂ ਬਾਹਰ ਕੱਢਣ ਦਾ ਨਿਯਮ ਬਣਾਇਆ ਗਿਆ ਸੀ। ਇਸ ਲਈ ਸ਼ਹਿਰ ਤੋਂ ਬਾਹਰ 65 ਕਿੱਲਿਆਂ 'ਚ ਡੇਅਰੀਆਂ ਨੂੰ ਸ਼ਿਫਟ ਵੀ ਕੀਤਾ ਗਿਆ ਪਰ ਚੰਦ ਪੈਸਿਆਂ ਦੇ ਲਾਲਚੀ ਲੋਕ ਹਾਲੇ ਵੀ ਸ਼ਹਿਰਾਂ ਵਿਚ ਡੇਅਰੀਆਂ ਦਾ ਕਾਰੋਬਾਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।

ਬਾਕਸ-

ਸਖ਼ਤੀ ਨਾਲ ਭੇਜੇ ਜਾਣਗੇ ਨੋਟਿਸ : ਸੈਨੇਟਰੀ ਇੰਸਪੈਕਟਰ

ਇਸ ਸਬੰਧੀ ਸੈਨੇਟਰੀ ਇੰਸਪੈਕਟਰ ਨੇ ਕਿਹਾ ਜਿਹੜੀਆਂ ਵੀ ਡੇਅਰੀਆਂ ਉਨ੍ਹਾਂ ਦੇ ਧਿਆਨ 'ਚ ਆਉਂਦੀਆਂ ਹਨ ਉਨ੍ਹਾਂ ਦਾ ਚਲਾਨ ਕੱਟਿਆ ਜਾਂਦਾ ਹੈ। ਪ੍ਰਤਾਪ ਨਗਰ 'ਚ ਚੱਲ ਰਹੀ ਗੁਰਦੇਵ ਸਿੰਘ ਫੌਜੀ ਦੀ ਡੇਅਰੀ ਦਾ ਉਨ੍ਹਾਂ ਹੁਣੇ ਜਿਹੇ ਚਲਾਨ ਕੱਟਿਆ ਹੈ ਤੇ ਅਗਲੀ ਕਾਰਵਾਈ 'ਚ ਸਖਤੀ ਨਾਲ ਨੋਟਿਸ ਭੇਜ ਕੇ ਡੇਅਰੀਆਂ ਨੂੰ ਸ਼ਹਿਰ ਤੋਂ ਸ਼ਿਫਟ ਕਰਵਾਇਆ ਜਾਵੇਗਾ।