ਪੱਤਰ ਪ੍ਰਰੇਰਕ, ਅੰਮਿ੍ਤਸਰ : ਪੱਤਰਕਾਰੀ ਤੇ ਜਨਸੰਚਾਰ ਵਿਭਾਗ ਵੱਲੋਂ 'ਪੰਜਾਬੀ ਜਾਗਰਣ' ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨਾਲ ਵਿਦਿਆਰਥੀਆਂ ਦਾ ਵਿਸ਼ੇਸ਼ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਖ਼ਾਲਸਾ ਕਾਲਜ ਦੇ ਪਿ੍ਰੰਸੀਪਲ ਡਾ. ਮਹਿਲ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਮਾਗਮ ਦੀ ਸ਼ੁਰੂਆਤ ਕਰਦਿਆਂ ਵਿਭਾਗ ਦੇ ਇੰਚਾਰਜ ਅਮਨਜਯੋਤੀ ਕੌਰ ਨੇ ਵਾਲੀਆ ਦੇ ਪੱਤਰਕਾਰੀ, ਲੇਖਨ ਤੇ ਅਧਿਆਪਨ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ।

ਵਰਿੰਦਰ ਵਾਲੀਆ ਨੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਮੌਜੂਦਾ ਪੱਤਰਕਾਰ ਨੂੰ ਇਹ ਪਰਵਾਨ ਕਰਨਾ ਪਵੇਗਾ ਕਿ ਬਦਲੇ ਦੌਰ 'ਚ ਪੱਤਰਕਾਰੀ ਅਗਲੀਆਂ ਪੀੜ੍ਹੀਆਂ ਨੂੰ ਉਸ ਨਿਰਮਲ ਰੂਪ ਵਿਚ ਅੱਗੇ ਨਹੀਂ ਸੌਂਪ ਸਕੇ ਜੋ ਪਿਛਲੀਆਂ ਪੀੜ੍ਹੀਆਂ ਤੋਂ ਮਿਲਿਆ ਸੀ। ਉਨ੍ਹਾਂ ਉਮੀਦ ਪ੍ਰਗਟਾਉਂਦਿਆਂ ਕਿਹਾ ਇਸ ਖੇਤਰ 'ਚ ਨਵੀਂ ਪੀੜ੍ਹੀ ਤੇ ਖ਼ਾਲਸਾ ਕਾਲਜ ਦੇ ਪੱਤਰਕਾਰੀ ਵਿਭਾਗ ਵਰਗੇ ਅਦਾਰਿਆਂ ਤੋਂ ਸਿੱਖਿਆ ਲੈ ਕੇ ਵਿਦਿਆਰਥੀ ਇਸ ਚੁਣੌਤੀ ਦਾ ਸਾਹਮਣਾ ਕਰ ਸਕਣਗੇ। ਵਰਿੰਦਰ ਸਿੰਘ ਵਾਲੀਆ ਨੇ ਖ਼ਾਲਸਾ ਕਾਲਜ, ਅੰਮਿ੍ਤਸਰ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੇ ਪੱਤਰਕਾਰੀ 'ਚ ਬੀਏ ਤੇ ਐੱਮਏ ਦੇ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਉੱਤਰ ਦਿੰਦੇ ਹੋਏ ਕਿਹਾ ਕਿ ਪੱਤਰਕਾਰੀ ਦੀ ਸਿੱਖਿਆ ਤਾਂ ਹੀ ਬਿਹਤਰ ਹੋ ਸਕਦੀ ਹੈ ਜੇ ਪੱਤਰਕਾਰੀ ਖੇਤਰ 'ਚ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਪੱਤਰਕਾਰ ਅਧਿਆਪਨ 'ਚ ਆਉਣ।

ਉਨ੍ਹਾਂ ਪੰਜਾਬੀ ਯੂਨੀਵਰਸਿਟੀ 'ਚ ਆਪਣੇ ਅਧਿਆਪਨ ਦੇ ਸਫ਼ਰ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਫ਼ੀਲਡ 'ਚ ਪੱਤਰਕਾਰੀ ਕਰਨ ਤੋਂ ਬਾਅਦ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਤਜ਼ਰਬਾ ਬਹੁਤ ਯਾਦਗਾਰ ਰਿਹਾ, ਜਦੋਂ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਲਈ ਵਿਸ਼ੇਸ਼ ਲੈਕਚਰ ਲਾਉਣ ਜਾਂਦੇ ਹਨ। ਇਸ ਮੌਕੇ ਵਿਭਾਗ ਦੇ ਵਿਦਿਆਰਥੀ ਤਰੁਣਪ੍ਰਰੀਤ ਸਿੰਘ, ਅਵੀਸ਼ ਧਵਨ, ਖ਼ੁਸ਼ਪ੍ਰਰੀਤ ਕੌਰ ਤੇ ਨਮਨਪ੍ਰਰੀਤ ਸਿੰਘ ਨੇ ਪੱਤਰਕਾਰੀ, ਰੁਜ਼ਗਾਰ, ਪੰਜਾਬ ਸੰਕਟ, ਖੇਤੀ ਸੰਕਟ ਤੇ ਵਰਿੰਦਰ ਸਿੰਘ ਵਾਲੀਆ ਦੇ ਜੀਵਨ ਸੰਘਰਸ਼ ਤੇ ਪ੍ਰਰੇਰਨਾਵਾਂ ਬਾਰੇ ਗੰਭੀਰ ਸਵਾਲ ਪੁੱਛੇ। ਜਿਨ੍ਹਾਂ ਦਾ ਵਾਲੀਆ ਨੇ ਪੂਰੇ ਵਿਸਥਾਰ ਨਾਲ ਜਵਾਬ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਅੰਗਰੇਜ਼ੀ ਭਾਸ਼ਾ ਤੋਂ ਨਾ ਘਬਰਾਉਣ, ਬਲਕਿ ਆਪਣੀ ਮਾਂਬੋਲੀ 'ਚ ਪਕੜ ਬਣਾਉਣ ਤੇ ਫਿਰ ਉਹ ਦੁਨੀਆਂ ਦੀ ਕੋਈ ਭਾਸ਼ਾ ਵੀ ਸਿੱਖ ਸਕਦੇ ਹਨ। ਉਨ੍ਹਾਂ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਾਰੀ ਪੜ੍ਹਾਈ ਪੰਜਾਬੀ 'ਚ ਕੀਤੀ ਬਾਵਜੂਦ ਇਸ ਦੇ ਉਨ੍ਹਾਂ ਅੰਗਰੇਜ਼ੀ ਸਿੱਖ ਕੇ ਲੰਮਾ ਸਮਾਂ ਅੰਗੇਰਜ਼ੀ ਪੱਤਰਕਾਰੀ ਕੀਤੀ। ਉਨ੍ਹਾਂ ਵਿਭਾਗ ਦੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਨਵੀਂ ਪੀੜ੍ਹੀ ਦੇ ਪੱਤਰਕਾਰਾਂ ਨੂੰ ਉਤਸ਼ਾਹਤ ਕਰਨ ਲਈ ਅਦਾਰਾ 'ਪੰਜਾਬੀ ਜਾਗਰਣ' ਪੂਰਾ ਸਹਿਯੋਗ ਕਰੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਲਗਾਤਾਰ ਲਿਖਦੇ ਰਹਿਣ ਲਈ ਵੀ ਪ੍ਰਰੇਰਿਤ ਕੀਤਾ। ਉਪਰੰਤ ਵਰਿੰਦਰ ਵਾਲੀਆ ਨੂੰ ਕਿਤਾਬਾਂ ਦਾ ਇਕ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਸਟਾਫ ਤੇ ਵਿਦਿਆਰਥੀਆਂ ਨੇ ਇਕ ਯਾਦਗਾਰੀ ਤਸਵੀਰ ਵੀ ਕਰਵਾਈ। ਸਮਾਗਮ ਦਾ ਮੰਚ ਸੰਚਾਲਨ ਵਿਭਾਗ ਦੇ ਸਹਾਇਕ ਪ੍ਰਰੋਫੈਸਰ ਦੀਪ ਜਗਦੀਪ ਸਿੰਘ ਨੇ ਕੀਤਾ। ਇਸ ਮੌਕੇ ਵਿਭਾਗ ਦੇ ਅਧਿਆਪਕ ਵਰਿੰਦਰ ਸਿੰਘ, ਅਮਿਤ ਕੁਮਾਰ, ਹਰਮਨਦੀਪ ਕੌਰ, ਮੁਸਕਾਨ ਧਵਨ, ਨੀਰਵਾ ਸਫੜੀਆ ਆਦਿ ਮੌਜੂਦ ਸਨ।