ਜੇਐੱਨਐੱਨ, ਅੰਮਿ੍ਤਸਰ : ਅਜਨਾਲਾ ਪੁਲਿਸ ਨੇ ਫਰਜ਼ੀ ਦਸਤਾਵੇਜ਼ਾਂ 'ਤੇ ਪੰਜ ਲੱਖ ਦਾ ਕਰਜ਼ਾ ਲੈਣ ਦੇ ਦੋਸ਼ ਵਿਚ ਛੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਾਰਡ ਨੰਬਰ-4 ਵਾਸੀ ਕੁਲਬੀਰ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਤਾ ਤਕ ਨਹੀਂ ਲੱਗਾ ਕਿ ਉਨ੍ਹਾਂ ਦੇ ਨਾਂ 'ਤੇ ਉਕਤ ਕਰਜ਼ਾ ਕਦੋਂ ਪਾਸ ਹੋ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਬ-ਇੰਸਪੈਕਟਰ ਨਰਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕੁਲਬੀਰ ਸਿੰਘ ਦੇ ਬਿਆਨ 'ਤੇ ਅਜਨਾਲਾ ਪੁਲਿਸ ਨੇ ਗੁਰੂ ਨਗਰ ਵੇਰਕਾ ਸਥਿਤ ਐੱਮਕੇ ਫਾਇਨਾਂਸ ਸਰਵਿਸ ਦੇ ਮਾਲਕ ਪ੍ਰਦੀਪ ਕੁਮਾਰ ਸ਼ਰਮਾ, ਸੁਮਨ ਸ਼ਰਮਾ, ਅਸ਼ਵਨੀ ਕੁਮਾਰ, ਇਸਲਾਮਾਬਾਦ ਵਾਸੀ ਰਾਜਿੰਦਰ ਕੁਮਾਰ, ਹਰੀਸ਼ ਕੁਮਾਰ ਅਤੇ ਸੰਜੀਵ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕਰਜ਼ਾ ਲੈਣ ਦੇ ਚੱਕਰ ਵਿਚ ਉਹ ਉਕਤ ਕੰਪਨੀ ਦੇ ਮੁਲਜ਼ਮ ਮੈਂਬਰਾਂ ਨਾਲ ਮਿਲੇ ਸਨ, ਤਦ ਮੁਲਜ਼ਮਾਂ ਨੇ ਉਨ੍ਹਾਂ ਦੇ (ਕੁਲਬੀਰ ਸਿੰਘ) ਅਤੇ ਉਨ੍ਹਾਂ ਦੇ ਗਰੰਟਰ ਸਾਹਿਬ ਸਿੰਘ ਦੇ ਦਸਤਖਤ ਖਾਲੀ ਦਸਤਾਵੇਜ਼ਾਂ 'ਤੇ ਕਰਵਾ ਲਏ ਸਨ। ਫਿਰ ਉਨ੍ਹਾਂ ਨੂੰ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਦਸਤਾਵੇਜ਼ਾਂ ਨੂੰ ਆਧਾਰ ਬਣਾ ਕੇ ਕਰਜ਼ਾ ਲਿਆ ਅਤੇ ਉਨ੍ਹਾਂ ਨੂੰ ਪਤਾ ਤਕ ਨਹੀਂ ਲੱਗਾ।