ਜਾ.ਸ, ਅੰਮ੍ਰਿਤਸਰ : ਪਾਕਿਸਤਾਨ ’ਚ ਗੁਰਦੁਆਰਾ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ’ਚ ਹੁਕਮਨਾਮੇ ਦੀ ਲਾਈਵ ਵੀਡੀਓਗ੍ਰਾਫੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਈਟੀਪੀਬੀ ਦੇ ਅਧਿਕਾਰੀਆਂ ਨੇ ਲਾਈ ਹੈ। ਈਟੀਪੀਬੀ ਨੇ ਵੀਡੀਓਗ੍ਰਾਫੀ ਬੰਦ ਕਰਨ ਦਾ ਮੂਲ ਕਾਰਨ ਤਕਨੀਕੀ ਵਜ੍ਹਾ ਦੱਸੀ ਹੈ ਪਰ ਪੂਰੀ ਤਰ੍ਹਾਂ ਨਾਲ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਅਸਲ ਵਿਚ ਕਾਰਨ ਕੀ ਹੈ। ਇਸ ਗੱਲ ਤੋਂ ਸਿੱਖ ਭਾਈਚਾਰੇ ਵਿਚ ਭਾਰੀ ਰੋਹ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਕਪਿਲ ਸਿੰਘ ਦੋਵਾਂ ਗੁਰੂ ਘਰਾਂ ’ਚ ਹੁਕਮਨਾਮੇ ਦੀ ਰੋਜ਼ਾਨਾ ਲਾਈਵ ਰਿਕਾਰਡਿੰਗ ਕਰਦੇ ਸਨ। ਇਸ ਜ਼ਰੀਏ ਪਾਕਿਸਤਾਨ ਸਮੇਤ ਦੁਨੀਆ ਭਰ ਵਿਚ ਸੰਗਤ ਇਨ੍ਹਾਂ ਧਾਰਮਿਕ ਸਥਾਨਾਂ ਨਾਲ ਜੁਡ਼ਦੀ ਸੀ ਅਤੇ ਆਪਣੀ ਆਸਥਾ ਪ੍ਰਗਟ ਕਰਦੀ ਸੀ। ਇਸ ਦੇ ਨਾਲ ਹੀ ਹੁਕਮਨਾਮੇ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਜ਼ਰੀਏ ਦੇਸ਼-ਦੁਨੀਆ ’ਚ ਪ੍ਰਸਾਰਿਤ ਕੀਤਾ ਜਾਂਦਾ ਸੀ। ਸਿੱਖ ਭਾਈਚਾਰੇ ਵਿਚ ਰੋਸ ਹੈ ਕਿ ਈਟੀਪੀਬੀ ਦੇ ਅਧਿਕਾਰੀਆਂ ਨੇ ਜਾਣਬੁੱਝ ਕੇ ਵੀਡੀਓਗ੍ਰਾਫੀ ਬੰਦ ਕਰਵਾਈ ਹੈ। ਇਹ ਸਿੱਖ ਭਾਈਚਾਰੇ ਨਾਲ ਅਨਿਆਂ ਹੈ। ਅੰਮ੍ਰਿਤਸਰ ਦੇ ਸਿੱਖ ਆਗੂ ਸੁਰਜੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਸਿੱਖਾਂ ਨੂੰ ਦਬਾਉਣ ਦਾ ਯਤਨ ਕੀਤਾ ਹੈ। ਇਹ ਘਟਨਾ ਸਹਿਣਯੋਗ ਨਹੀਂ ਹੈ, ਭਾਰਤ ਸਰਕਾਰ ਇਸ ’ਚ ਦਖਲ ਦੇਵੇ।

Posted By: Sandip Kaur