ਤਰਨਤਾਰਨ : ਥਾਣਾ ਵਲਟੋਹਾ ਦੀ ਪੁਲਿਸ ਨੇ ਪਿੰਡ ਮਹਿਮੂਦਪੁਰਾ ਵਿਖੇ ਸ਼ਰਾਬ ਦਾ ਜਖ਼ੀਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰ ਕੇ ਇਕ ਭੱਠੀ, 150 ਕਿੱਲੋ ਲਾਹਣ ਅਤੇ 3750 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ। ਕਾਬੂ ਕੀਤੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ 'ਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੁਰਤੇਜ ਸਿੰਘ ਉਰਫ ਸੋਨੂੰ ਪੁੱਤਰ ਹਰਭਜਨ ਸਿੰਘ ਵਾਸੀ ਮਹਿਮੂਦਪੁਰਾ ਆਪਣੇ ਘਰ 'ਚ ਨਾਜਾਇਜ ਸ਼ਰਾਬ ਕੱਢਣ ਦਾ ਧੰਦਾ ਕਰਦਾ ਹੈ।

ਮਿਲੀ ਸੂਚਨਾ ਤਹਿਤ ਜਦ ਉਨ੍ਹਾਂ ਨੇ ਸੋਨੂੰ ਦੇ ਘਰ ਛਾਪੇਮਾਰੀ ਕੀਤੀ ਤਾਂ ਮੌਕੇ ਤੋਂ ਇਕ ਚਾਲੂ ਭੱਠੀ, 150 ਕਿੱਲੋ ਲਾਹਣ ਅਤੇ 3750 ਮਿਲੀਲੀਟਰ ਨਾਜਾਇਜ ਸ਼ਰਾਬ ਬਰਾਮਦ ਹੋਈ। ਫੜੇ ਗਏ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮਹਿਮੂਦਪੁਰਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਪਿੰਡ ਹੈ ਜਿਥੋਂ ਪੁਲਿਸ ਨੇ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।