ਜੇਐੱਨਐੱਨ, ਤਰਨਤਾਰਨ :15 ਅਕਤੂਬਰ ਨੂੰ ਤੜਕੇ ਕੁੰਡਲੀ ਬਾਰਡਰ 'ਤੇ ਪਿੰਡ ਚੀਮਾ ਖੁਰਦ ਵਾਸੀ ਲਖਬੀਰ ਟੀਟੂ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰਨ ਹਰਿਆਣਾ ਪੁਲਿਸ ਦੀ ਟੀਮ ਸ਼ੁੱਕਰਵਾਰ ਪਿੰਡ ਚੀਮਾ ਖੁਰਦ ਪਹੁੰਚੀ। ਟੀਮ ਨੇ ਲਖਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਲਖਬੀਰ ਦੀ ਪਤਨੀ ਜਸਪ੍ਰੀਤ ਕੌਰ ਨੇ ਕਿਹਾ ਕਿ ਪਿੰਡ ਦੇ ਲੋਕ ਦੱਬੀ ਜ਼ੁਬਾਨ 'ਚ ਕਹਿੰਦੇ ਹਨ ਕਿ ਨਿਹੰਗ ਸਰਬਜੀਤ ਸਿੰਘ ਕਤਲ ਦੀ ਵਾਰਦਾਤ ਤੋਂ ਪਹਿਲਾਂ ਪਿੰਡ ਵਿਚ ਘੁੰਮਦਾ ਰਿਹਾ ਹੈ। ਉਸ ਨੇ ਮੁੜ ਦਾਅਵਾ ਕੀਤਾ ਕਿ ਉਸ ਦੇ ਪਤੀ ਨੂੰ ਸਾਜ਼ਿਸ਼ ਦੇ ਤਹਿਤ ਮੌਤ ਦੇ ਘਾਟ ਉਤਾਰਿਆ ਗਿਆ ਹੈ। ਉਹ ਇਕੱਲਾ ਕਦੇ ਕਸਬਾ ਝਬਾਲ ਤਕ ਨਹੀਂ ਗਿਆ।ਕਤਲ ਤੋਂ ਪਹਿਲਾਂ ਨਿਹੰਗ ਸਿਆਸੀ ਅਸਰ ਵਾਲੇ ਗਊਆਂ ਵਾਲੇ ਬਾਬੇ ਕੋਲ ਜਾਂਦਾ ਰਿਹਾ ਹੈ। ਹਾਲਾਂਕਿ ਪੂਰੇ ਮਾਮਲੇ ਵਿਚ ਸੂਬਾ ਸਰਕਾਰ ਦੀ ਬਣਾਈ ਵਿਸ਼ੇਸ਼ ਪੜਤਾਲੀਆ ਟੀਮ (ਐੱਸਆਈਟੀ) ਦੇ ਮੈਂਬਰ ਤੇ ਤਰਨਤਾਰਨ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਜਾਂਚ ਮੁਕੰਮਲ ਹੋਣ ਤਕ ਕੁਝ ਨਹੀਂ ਕਿਹਾ ਜਾ ਸਕਦਾ।

ਕਤਲ ਕੀਤੇ ਗਏ ਲਖਬੀਰ ਦੀ ਭੈਣ ਰਾਜ ਕੌਰ ਰਾਜ ਕਹਿੰਦੀ ਹੈ ਕਿ ਭਰਾ 50 ਰੁਪਏ ਲੈ ਕੇ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਮੰਡੀ 'ਚ ਕੰਮ ਕਰਨ ਜਾ ਰਿਹਾ ਹੈ, ਜਦੋਂ ਪਰਤੇਗਾ ਤਾਂ ਇਕ ਹਜ਼ਾਰ ਰੁਪਏ ਲਿਆ ਕੇ ਦੇਵੇਗਾ। ਇਸ ਮਗਰੋਂ ਨਿਹੰਗ ਵੱਲੋਂ ਉਸ ਨੂੰ ਕਤਲ ਕੀਤੇ ਜਾਣ ਦੀ ਖ਼ਬਰ ਆਈ।