ਰਜਿੰਦਰ ਸਿੰਘ ਰਾਜੂ/ਪ੍ਰਤਾਪ ਸਿੰਘ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਪਿੰਡ ਪਿੱਦੀ ਦੇ ਗੁਰਦੁਆਰਾ ਕਾਹਨ ਸਿੰਘ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕੀਤੀ। ਇਸ ਮੌਕੇ ਜਥੇਬੰਦੀ ਨੇ ਜੰਮੂ ਕਸ਼ਮੀਰ 'ਚ ਧਾਰਾ 370 ਅਤੇ 35ਏ ਤੋੜਨ ਦੇ ਰੋਸ ਵਜੋਂ ਤਰਨਤਾਰਨ-ਪੱਟੀ ਮਾਰਗ ਠੱਪ ਕਰ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਾਰਗ ਬੰਦ ਹੋਣ ਦੇ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਰੈੱਸ ਸਕੱਤਰ ਹਰਪ੍ਰਰੀਤ ਸਿੰਘ ਸਿੱਧਵਾਂ ਨੇ ਦੱਸਿਆ ਕਿ 8 ਸਤੰਬਰ ਨੂੰ ਦਾਣਾ ਮੰਡੀ ਤਰਨਤਾਰਨ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਮਹਾ ਰੈਲੀ 'ਚ ਦਸ ਹਜ਼ਾਰ ਤੋਂ ਵੱਧ ਕਿਸਾਨ ਮਜ਼ਦੂਰ, ਨੌਜਵਾਨ ਅਤੇ ਬੀਬੀਆਂ ਸ਼ਾਮਲ ਹੋਣਗੀਆਂ। ਇਸ ਕਾਰਜ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਜ਼ੋਨਾਂ 'ਚ ਆਗੂਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।

ਇਸ ਮੌਕੇ ਸੁਖਵਿੰਦਰ ਸਿੰਘ ਸਭਰਾ ਅਤੇ ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵੱਧ ਅਧਿਕਾਰ ਦੇਣ ਵਾਲੀ ਧਾਰਾ 370 ਅਤੇ 35ਏ ਤੋੜ ਕੇ ਉਥੇ ਭਾਰੀ ਫ਼ੌਜ ਲਾ ਕੇ ਰਾਜ ਨੂੰ ਜੇਲ੍ਹ ਦੇ ਰੂਪ 'ਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਫਿਰਕੂ ਏਜੰਡੇ ਤਹਿਤ ਦੇਸ਼ ਦੇ ਸੰਘੀ ਢਾਂਚੇ 'ਤੇ ਹਮਲਾ ਕਰ ਜਮਹੂਰੀ ਹੱਕਾਂ ਦਾ ਘਾਣ ਕਰਦਿਆਂ ਜੰਮੂ ਕਸ਼ਮੀਰ ਨੂੰ ਵੰਡ ਦਿੱਤਾ ਹੈ। ਜੋ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਥਾਂ ਉਨ੍ਹਾਂ ਦੇ ਕੇਂਦਰੀਕਰਨ ਦੀ ਨੀਤੀ ਹੈ।

ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਿਸਾਨੀ ਕਿੱਤਾ ਪੂਰੀ ਤਰ੍ਹਾਂ ਹਾਸ਼ੀਏ 'ਤੇ ਧੱਕ ਦਿੱਤਾ ਗਿਆ ਹੈ। ਇਹ ਕਿੱਤਾ ਸਰਕਾਰ ਦੇ ਏਜੰਡੇ 'ਤੇ ਨਾ ਹੋਣ ਕਾਰਨ ਅੱਜ ਦੇਸ਼ ਦਾ ਅੰਨਦਾਤਾ ਬੁਰੀ ਤਰ੍ਹਾਂ ਕਰਜ਼ੇ 'ਚ ਜਕੜਿਆ ਮੌਤ ਦੇ ਮੂੰਹ 'ਚ ਜਾ ਰਿਹਾ ਹੈ। ਮੋਦੀ ਸਰਕਾਰ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਪੂਰੀ ਤਰ੍ਹਾਂ ਤਿਆਰੀ ਕਰ ਚੁੱਕੀ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਧਾਰਾ 370 ਅਤੇ 35ਏ ਤੋੜਨ ਦਾ ਫੈਸਲਾ ਰੱਦ ਕੀਤਾ ਜਾਵੇ, ਸਾਰੇ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਮੋਦੀ ਸਰਕਾਰ ਕਰ ਮੁਕਤ ਵਪਾਰ ਸਮਝੌਤੇ 'ਚੋਂ ਬਾਹਰ ਆਵੇ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਪੂਰਨ ਰੂਪ 'ਚ ਲਾਗੂ ਕੀਤੀ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜਾ ਮਾਫ਼ ਕੀਤਾ ਜਾਵੇ, ਬਿਜਲੀ ਐਕਟ 2003 ਰੱਦ ਕਰ ਕੇ ਘਰੇਲੂ ਬਿਜਲੀ ਸਸਤੀ ਕੀਤੀ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸਤਨਾਮ ਸਿੰਘ ਮਾਣੋਚਾਹਲ, ਸੁਖਵਿੰਦਰ ਸਿੰਘ ਦੁੱਗਲਵਾਲਾ, ਮੁਖਤਾਰ ਸਿੰਘ ਬਾਕੀਪੁਰ, ਮੇਹਰ ਸਿੰਘ ਤਲਵੰਡੀ, ਚਰਨ ਸਿੰਘ ਬੈਂਕਾਂ, ਦਿਆਲ ਸਿੰਘ ਮੀਆਂਵਿੰਡ, ਕੁਲਵੰਤ ਸਿੰਘ ਭੈਲ, ਅਜੀਤ ਸਿੰਘ ਚੰਬਾ, ਸਤਵਿੰਦਰ ਸਿੰਘ ਪੰਡੋਰੀ, ਮਹਿੰਦਰ ਸਿੰਘ ਭੋਜੀਆਂ, ਦਲਬੀਰ ਸਿੰਘ ਮੱਲ੍ਹੀ, ਜਵਾਹਰ ਸਿੰਘ ਟਾਂਡਾ, ਮੇਜਰ ਸਿੰਘ ਕਸੇਲ, ਬੀਬੀ ਰਣਜੀਤ ਕੌਰ ਕੱਲਾ ਆਦਿ ਹਾਜਰ ਸਨ।