ਜੇਐੱਨਐੱਨ, ਅੰਮ੍ਰਿਤਸਰ : ਸੁਲਤਾਨਵਿੰਡ ਥਾਣੇ ਅਧੀਨ ਪੈਂਦੇ ਪੱਤੀ ਬਾਬਾ ਜੀਵਨ ਸਿੰਘ ਤੋਂ ਕੁਝ ਅਨਸਰਾਂ ’ਤੇ ਵਪਾਰੀ ਨੂੰ ਅਗਵਾ ਕਰਨ, ਕੁੱਟਣ ਅਤੇ ਉਸ ’ਤੇ ਪਿਸ਼ਾਬ ਕਰਨ ਦੇ ਦੋਸ਼ ਲੱਗੇ ਹਨ। ਇਹ ਘਟਨਾ 2 ਜੁਲਾਈ ਦੀ ਹੈ ਅਤੇ ਪੁਲਿਸ ਨੇ ਜਾਂਚ ਪਿੱਛੋਂ ਬਿਕਰਮਜੀਤ ਸਿੰਘ ਹੈਪੀ, ਸਾਬਾ ‘ਮੰਤਰੀ’, ਬਲਵਿੰਦਰ ਸਿੰਘ, ਉਸ ਦੇ ਭਰਾ, ਮਨਪ੍ਰੀਤ ਸਿੰਘ ਸਮੇਤ 7 ਮੁਲਜ਼ਮਾਂ ਦੇ ਵਿਰੁੱਧ ਅਗਵਾ, ਕੁੱਟਮਾਰ, ਪਿਸਤੋਲ ਵਿਖਾ ਕੇ ਧਮਕੀਆਂ ਦੇਣ ਤੇ ਵੀਡੀਓ ਵਾਇਰਲ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਹੈ।

ਪੀੜਤ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਇਕ ਅਹੁਦੇਦਾਰ ਦੇ ਨੇੜਲੇ ਵਿਅਕਤੀ ਉਸ ਨਾਲ ਰੰਜਿਸ਼ ਰੱਖਦੇ ਹਨ। 2 ਜੁਲਾਈ ਨੂੰ ਉਹ ਆਪਣੇ ਘਰ ਵਿਚ ਸੀ ਤਾਂ ਬਿਕਰਮਜੀਤ ਹੈਪੀ, ਸਾਬਾ ਮੰਤਰੀ ਤੇ ਬਲਵਿੰਦਰ ਉਸ ਦੇ ਘਰ ਪੁੱਜੇ ਤੇ ਗਾਲੀ ਗਲੋਚ ਕਰਨ ਲੱਗੇ। ਉਸ ਦੀ ਪਤਨੀ ਰਾਜਵਿੰਦਰ ਕੌਰ ਅਤੇ ਆਸ-ਪਾਸ ਦੇ ਲੋਕਾਂ ਨੇ ਇਕੱਤਰ ਹੋ ਕੇ ਮੁਲਜ਼ਮਾਂ ਦੀ ਵੀਡੀਓ ਬਣਾ ਲਈ। ਇਸ ਪਿੱਛੋਂ ਮੁਲਜ਼ਮ ਉਸ ਦੇ ਘਰੋਂ ਫ਼ਰਾਰ ਹੋ ਗਏ। ਸ਼ਾਮ ਨੂੰ ਉਹ ਘਰੋਂ ਕਿਸੇ ਕੰਮ ਨਿਕਲਿਆ ਸੀ। ਰਸਤੇ ਵਿਚ ਤਿੰਨੇਂ ਜੀਪ ਸਵਾਰ ਮੁਲਜ਼ਮਾਂ ਨੇ ਘੇਰ ਕੇ ਅਗਵਾ ਕਰ ਲਿਆ। ਮੁਲਜ਼ਮਾਂ ਨੇ ਰਸਤੇ ਵਿਚ ਕੁੱਟਮਾਰ ਕੀਤੀ ਤੇ ਪੱਗ ਪਾੜ ਦਿੱਤੀ। ਇਸ ਪਿੱਛੋਂ ਮੁਲਜ਼ਮ ਬਿਕਰਮ ਹੈਪੀ ਉਸ ਨੂੰ ਆਪਣੇ ਘਰ ਲੈ ਗਿਆ, ਉੱਥੇ ਪਹਿਲਾਂ ਤੋਂ ਕੁਝ ਹੋਰ ਅਨਸਰ ਮੌਜੂਦ ਸਨ। ਫਿਰ ਉਸ ਦੇ ਕੱਪੜੇ ਲੁਹਾ ਦਿੱਤੇ ਅਤੇ ਕੁੱਟਦੇ ਰਹੇ।

ਮੁਲਜ਼ਮ ਮਨਪ੍ਰੀਤ ਨੇ ਉਦੋਂ ਵੀਡੀਓ ਬਣਾਈ। ਉਸ ਤੋਂ ‘ਬੈਠਕਾਂ’ ਲਵਾਉਂਦੇ ਹੋਏ ਜ਼ਲੀਲ ਕੀਤਾ। ਇਸ ਪਿੱਛੋਂ ਉਹ ਮਸਾਂ ਮੁਲਜ਼ਮਾਂ ਦੇ ਚੁੰਗਲ ਤੋਂ ਨਿਕਲਿਆ। ਉਸ ਨੇ ਘਟਨਾ ਬਾਰੇ ਕਿਤੇ ਕੋਈ ਜ਼ਿਕਰ ਨਹੀਂ ਕੀਤਾ। ਕੁਝ ਦਿਨ ਪਹਿਲਾਂ ਮੁਲਜ਼ਮਾਂ ਨੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ ਸੀ। ਨਮੋਸ਼ੀ ਕਾਰਨ ਉਹ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਦੇ ਸਾਹਮਣੇ ਪੇਸ਼ ਹੋਇਆ ਹੈ। ਇਸ ਬਾਰੇ ਇੰਸਪੈਕਟਰ ਪਰਨੀਤ ਢਿੱਲੋਂ ਨੇ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ। ਐੱਫਆਈਆਰ ਵਿਚ ਨਾਂ ਦਰਜ ਕੀਤੇ ਜਾਣਗੇ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

ਇਹ ਹੈ ਮਾਮਲਾ

ਪੀੜਤ ਮੁਤਾਬਕ ਕੁਝ ਦਿਨ ਪਹਿਲਾਂ ਉਸ ਦਾ ਅਕਾਲੀ ਦਲ ਦੇ ਇਕ ਅਹੁਦੇਦਾਰ ਨਾਲ ਝਗੜਾ ਹੋ ਗਿਆ ਸੀ। ਜਿਸ ਨੇ ਆਪਣੇ ਗੁੰਡਿਆਂ ਨੂੰ ਕਿਹਾ ਸੀ ਕਿ ਸੋਨਾ ਵਪਾਰੀ ਨੂੰ ਸਬਕ ਸਿਖਾਉਣਾ ਹੈ।

Posted By: Jagjit Singh