ਰਮੇਸ਼ ਰਾਮਪੁਰਾ, ਅੰਮਿ੍ਤਸਰ : ਇਸੇ ਸ਼ਹਿਰ ਨਾਲ ਸਬੰਧਤ ਕਾਮੇਡੀ ਅਦਾਕਾਰ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੇ ਮੁੰਬਈ ਸਥਿਤ ਘਰ ਵਿਚ ਐੱਨਸੀਬੀ ਵੱਲੋਂ ਡਰੱਗਜ਼ ਲੈਣ ਦੇ ਦੋਸ਼ਾਂ ਦੇ ਮੱਦੇਨਜ਼ਰ ਕੀਤੀ ਗਈ ਛਾਪਾਮਾਰੀ ਦੀ ਖ਼ਬਰ ਨੇ ਰੰਗਮੰਚ ਤੇ ਫਿਲਮ ਖੇਤਰ ਨਾਲ ਸਬੰਧਤ ਸ਼ਖ਼ਸੀਅਤਾਂ ਨੂੰ ਹੈਰਾਨ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਸਿੰਘ ਨੇ ਬੀਬੀਕੇ ਡੀਏਵੀ ਕਾਲਜ ਅੰਮਿ੍ਤਸਰ ਤੋਂ ਗ੍ਰੈਜੂਏਸ਼ਨ ਕੀਤੀ ਸੀ ਤੇ ਉਹ ਐੱਨਸੀਸੀ ਦੀ ਵਧੀਆ ਕੈਡਿਟ ਰਹੀ ਹੈ। ਕਾਲਜ ਦੇ ਡਰਾਮਾ ਸੈਕਸ਼ਨ ਦੇ ਮੁਖੀ ਡਾ. ਸੁਪ੍ਰਭਾ ਆਰੀਆ ਦੀ ਅਗਵਾਈ ਹੇਠ ਕਲਾ ਦੀਆਂ ਬਾਰੀਕੀਆਂ ਹਾਸਲ ਕਰਨ ਵਾਲੀ ਭਾਰਤੀ ਸਿੰਘ ਨੇ ਕਲਾ ਦਾ ਸਫ਼ਰ ਨਾਟਕਕਾਰ ਜਗਦੀਸ਼ ਸਚਦੇਵਾ ਦੇ ਨਿਰਦੇਸ਼ਨ ਹੇਠ ਪਹਿਲਾ ਨਾਟਕ 'ਹਮੀਦਾ ਬਾਈ ਕੀ ਕੋਠੀ' ਨਾਲ ਸ਼ੁਰੂ ਕੀਤਾ ਸੀ।

ਇਸ ਨਾਟਕ ਵਿਚ ਭਾਰਤੀ ਸਿੰਘ ਨੇ ਪੁਰਸ਼ ਕਿਰਦਾਰ ਨਿਭਾਉਣਾ ਸੀ ਤੇ ਉਸ ਦਿਨ ਉਸ ਦਾ ਇਮਤਿਹਾਨ ਵੀ ਸੀ, ਵਕਤ ਘੱਟ ਹੋਣ ਕਾਰਨ ਉਸ ਦਾ ਮੇਕਅਪ ਪਹਿਲਾਂ ਹੀ ਕਰ ਦਿੱਤਾ ਗਿਆ ਤਾਂ ਜੋ ਉਹ ਇਮਤਿਹਾਨ ਦੇ ਕੇ ਸਿੱਧੀ ਨਾਟਕ ਵਿਚ ਕਿਰਦਾਰ ਨਿਭਾਅ ਸਕੇ ਅਤੇ ਭਾਰਤੀ, ਦਾੜੀ ਲਗਾ ਕੇ ਪੇਪਰ ਕਰਦੀ ਰਹੀ ਸੀ। ਆਪਣੀ ਪਹਿਲੀ ਪੇਸ਼ਕਾਰੀ ਦੌਰਾਨ ਭਾਰਤੀ ਸਿੰਘ ਇੰਨੀ ਡਰੀ ਹੋਈ ਸੀ ਕਿ ਪੇਸ਼ਕਾਰੀ ਤੋਂ ਪਹਿਲਾਂ ਉਹ ਕੰਬ ਰਹੀ ਤੇ ਰੋ ਰਹੀ ਸੀ। ਡਾਇਰੈਕਟਰ ਜਗਦੀਸ਼ ਸਚਦੇਵਾ ਨੂੰ ਕੰਬਦੀ ਹੋਈ ਨੇ ਕਿਹਾ ਸੀ ਕਿ ਉਸ ਕੋਲੋਂ ਅਦਾਕਾਰੀ ਨਹੀਂ ਹੋਵੇਗੀ ਪਰ ਡਾਇਰੈਕਟਰ ਸਚਦੇਵਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਸ ਪਹਿਲੀ ਪੇਸ਼ਕਾਰੀ ਦੌਰਾਨ ਭਾਰਤੀ ਨੂੰ ਦਿੱਤੀ ਹੱਲਾਸ਼ੇਰੀ ਨੇ ਕਲਾ ਵਾਲੇ ਸਫ਼ਰ ਦੇ ਸਭ ਰਾਹ ਖੋਲ ਕੇ ਰੱਖ ਦਿੱਤੇ ਸਨ। ਹੁਣ ਐੱਨਸੀਬੀ ਵੱਲੋਂ ਕੀਤੀ ਜਾ ਰਹੀ ਛਾਪਾਮਾਰੀ ਕਾਰਨ ਗੁਰੂ ਨਗਰੀ ਦੇ ਅਨੇਕਾਂ ਕਲਾਕਾਰਾਂ ਤੇ ਰੰਗਮੰਚ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਵਿਚ ਨਿਰਾਸ਼ਾ ਹੈ। ਇਸ ਸਬੰਧੀ ਵੱਖ-ਵੱਖ ਹਸਤੀਆਂ ਨਾਲ 'ਪੰਜਾਬੀ ਜਾਗਰਣ' ਨੇ ਖ਼ਾਸ ਗੱਲਬਾਤ ਕੀਤੀ, ਇਸ ਦੇ ਅੰਸ਼ ਇਸ ਤਰ੍ਹਾਂ ਹਨ।

ਇਹ ਦੋਸ਼ ਸਾਜ਼ਿਸ਼ ਦਾ ਹਿੱਸਾ : ਕੇਵਲ ਧਾਲੀਵਾਲ

ਸ਼੍ਰੋਮਣੀ ਨਾਟਕਕਾਰ ਤੇ ਵਿਰਸਾ ਵਿਹਾਰ ਅੰਮਿ੍ਤਸਰ ਦੇ ਪ੍ਰਧਾਨ ਕੇਵਲ ਧਾਲੀਵਾਲ ਦਾ ਕਹਿਣਾ ਹੈ ਕਿ ਭਾਰਤੀ ਸਿੰਘ ਜ਼ਮੀਨ ਨਾਲ ਜੁੜੀ ਕਲਾਕਾਰ ਹੈ। ਮਿਹਨਤ ਨਾਲ ਵੱਡਾ ਮੁਕਾਮ ਹਾਸਲ ਕਰਨ ਵਾਲੀ ਭਾਰਤੀ ਸਿੰਘ 'ਤੇ ਡਰੱਗਜ਼ ਲੈਣ ਦੇ ਲੱਗ ਰਹੇ ਦੋਸ਼ ਸੰਘੋਂ ਹੇਠਾਂ ਨਹੀਂ ਉੱਤਰ ਰਹੇ ਅਤੇ ਇਹ ਦੋਸ਼ ਕਿਸੇ ਸਾਜਿਸ਼ ਦਾ ਹਿੱਸਾ ਲੱਗਦੇ ਹਨ। ਧਾਲੀਵਾਲ ਮੁਤਾਬਕ ਭਾਰਤੀ ਸਿੰਘ ਉਨ੍ਹਾਂ ਦੀ ਡਾਇਰੈਕਸ਼ਨ ਹੇਠ 'ਬੰਦ ਅੰਧੇਰੋਂ ਮੇਂ, ਉਮਰਾਓ ਜਾਨ ਅਤੇ ਜਲਤੇ ਚਿਨਾਰ' ਆਦਿ ਨਾਟਕਾਂ ਵਿਚ ਅਦਾਕਾਰੀ ਕਰ ਚੁੱਕੀ ਹੈ ਤੇ ਉਸ ਦੀ ਮਿਹਨਤ ਉਸ ਦੇ ਕੀਤੇ ਗਏ ਕੰਮਾਂ ਵਿੱਚੋਂ ਭਲੀਭਾਂਤ ਨਜ਼ਰ ਆਉਂਦੀ ਹੈ।

ਨਸ਼ਾ ਕਰਨ ਵਾਲੇ ਦੋਸ਼ਾਂ 'ਤੇ ਨਹੀ ਹੋ ਰਿਹਾ ਵਿਸ਼ਵਾਸ : ਜਤਿੰਦਰ ਬਰਾੜ

ਪੰਜਾਬ ਨਾਟਸ਼ਾਲਾ ਦੇ ਮੁਖੀ ਜਤਿੰਦਰ ਬਰਾੜ ਦਾ ਕਹਿਣਾ ਹੈ ਕਿ ਮਿਹਨਤ ਤੇ ਜਨੂੰਨ ਨਾਲ ਬੁਲੰਦੀਆਂ ਛੂਹਣ ਵਾਲੀ ਭਾਰਤੀ ਸਿੰਘ 'ਤੇ ਨਸ਼ਾ ਕਰਨ ਸਬੰਧੀ ਲੱਗ ਰਹੇ ਦੋਸ਼ਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ। ਬਰਾੜ ਮੁਤਾਬਕ ਭਾਰਤੀ ਸਿੰਘ ਨੇ ਪੰਜਾਬ ਨਾਟਸ਼ਾਲਾ ਵਿਚ ਤਿੰਨ ਸੈਂਕੜੇ ਤੋਂ ਵੱਧ ਸ਼ੋਅ ਕੀਤੇ ਹੋਏ ਹਨ ਪਰ ਜ਼ਿੰਦਗੀ ਦੇ ਇਸ ਸਫ਼ਰ ਦੌਰਾਨ ਉਨ੍ਹਾਂ ਨੇ ਭਾਰਤੀ ਸਿੰਘ ਨੂੰ ਕਦੇ ਮਾੜੀ ਸੋਚ ਵਾਲੀ ਕੁੜੀ ਦੇ ਰੂਪ ਵਿਚ ਨਹੀਂ ਵੇਖਿਆ ਹੈ।

ਸਹੁੰ ਖਾ ਸਕਦੇ ਹਾਂ ਭਾਰਤੀ ਨਸ਼ਾ ਨਹੀਂ ਕਰ ਸਕਦੀ : ਪਾਲੀ

ਰੰਗਮੰਚ ਤੇ ਫਿਲਮਾਂ ਦੇ ਅਦਾਕਾਰ ਪਿ੍ਰਤਪਾਲ ਪਾਲੀ ਦਾ ਕਹਿਣਾ ਹੈ ਕਿ ਭਾਰਤੀ ਸਿੰਘ 'ਤੇ ਲੱਗਣ ਵਾਲੇ ਦੋਸ਼ ਸਰਾਸਰ ਸਾਜ਼ਿਸ਼ ਲੱਗ ਰਹੇ ਹਨ। ਪਿ੍ਰਤਪਾਲ ਪਾਲੀ ਮੁਤਾਬਕ ਉਹ ਭਾਰਤੀ ਸਿੰਘ ਨੂੰ ਨੇੜਿਓਂ ਹੋ ਕੇ ਜਾਣਦੇ ਹਨ ਤੇ ਅਨੇਕਾਂ ਵਾਰ ਉਸ ਨੂੰ ਮਿਲੇ ਹਨ ਪਰ ਉਨ੍ਹਾਂ ਨੇ ਕਦੇ ਵੀ ਭਾਰਤੀ ਨੂੰ ਨਸ਼ੇ ਦੀ ਹਾਲਤ ਵਿਚ ਨਹੀ ਵੇਖਿਆ। ਪਿ੍ਰਤਪਾਲ ਪਾਲੀ ਨੇ ਕਿਹਾ ਕਿ ਸਹੁੰ ਖਾ ਕੇ ਆਖ ਸਕਦੇ ਹਾਂ ਕਿ ਭਾਰਤੀ ਸਿੰਘ ਨਸ਼ਾ ਨਹੀਂ ਕਰ ਸਕਦੀ।

ਭਾਰਤੀ ਸਿੰਘ ਕਦੇ ਵੀ ਨਸ਼ੇ 'ਚ ਪੈਰ ਨਹੀਂ ਧਰ ਸਕਦੀ : ਸਚਦੇਵਾ

ਪ੍ਰਸਿੱਧ ਨਾਟਕਕਾਰ ਜਗਦੀਸ਼ ਸਚਦੇਵਾ ਨੇ ਕਿਹਾ ਕਿ ਭਾਰਤੀ ਸਿੰਘ ਨੇ ਕਲਾ ਦਾ ਸਫ਼ਰ ਉਨ੍ਹਾਂ ਵੱਲੋਂ ਨਿਰਦੇਸ਼ਤ ਨਾਟਕ 'ਹਮੀਦਾਂ ਬਾਈ ਕੀ ਕੋਠੀ' ਰਾਹੀਂ ਸ਼ੁਰੂ ਕੀਤਾ ਸੀ। ਕਲਾ ਦਾ ਸਫ਼ਰ ਸ਼ੁਰੂ ਕਰਨ ਵੇਲੇ ਜੋ ਕੁੜੀ ਕੰਬ ਤੇ ਰੋ ਸਕਦੀ ਹੈ ਉਹ ਨਸ਼ੇ ਦੇ ਇਸ ਭਿਆਨਕ ਸਫ਼ਰ 'ਤੇ ਪੈਰ ਕਦੇ ਨਹੀਂ ਧਰ ਸਕਦੀ। ਜਗਦੀਸ਼ ਸਚਦੇਵਾ ਦਾ ਕਹਿਣਾ ਹੈ ਕਿ ਡਰੱਗਜ਼ ਲੈਣ ਵਾਲੇ ਦੋਸ਼ਾਂ ਵਾਲੀ ਖ਼ਬਰ ਨੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਤੇ ਇਸ ਗੱਲ 'ਤੇ ਯਕੀਨ ਕਰਨਾ ਉਨ੍ਹਾਂ ਲਈ ਬੇਹੱਦ ਔਖਾ ਹੈ।