ਅਮਨਦੀਪ ਸਿੰਘ, ਅੰਮ੍ਰਿਤਸਰ : ਪਤੀ ਦੀ ਲੰਬੀ ਉਮਰ ਦੀ ਕਾਮਨਾ ਨਾਲ ਪਤਨੀਆਂ ਤਾਂ ਕਰਵਾ ਚੌਥ ਦਾ ਵਰਤ ਰੱਖਦੀਆਂ ਹੀ ਹਨ, ਪਰ ਇਕ ਅਜਿਹਾ ਪਤੀ ਵੀ ਹੈ, ਜੋ ਆਪਣੀ ਪਤਨੀ ਨਾਲ 10 ਸਾਲ ਤੋਂ ਕਰਵਾਚੌਥ ਦਾ ਵਰਤ ਰੱਖ ਰਿਹਾ ਹੈ। ਦੋਵੇਂ ਇਕੱਠੇ ਵਰਤ ਰੱਖਦੇ ਹਨ ਅਤੇ ਇਕੱਠੇ ਇਸ ਵਰਤ ਦੀਆਂ ਵਿਧੀਆਂ ਸੰਪੂਰਨ ਕਰਦੇ ਹਨ।

ਇਹ ਪਤੀ-ਪਤਨੀ ਬਟਾਲਾ ਰੋਡ ਸਥਿਤ ਕ੍ਰਿਸ਼ਨਾ ਸਕਵੇਅਰ ਦੇ ਵਾਸੀ ਪੰਕਜ ਸ਼ਰਮਾ ਅਤੇ ਅਕਸ਼ਿਤਾ ਸ਼ਰਮਾ ਹਨ। ਦਰਅਸਲ ਕਿੱਤੇ ਵਜੋਂ ਪੰਕਜ ਸ਼ਰਮਾ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਵਿਖੇ ਪੋਲੀਟੀਕਲ ਸਾਇੰਸ ਦੇ ਲੈਕਚਰਾਰ ਹਨ, ਜਦ ਕਿ ਅਕਸ਼ਿਤਾ ਸ਼ਰਮਾ ਸਟਾਇਲ ਹਾਲਿਕਸ ਫੈਸ਼ਨ ਡਿਜਾਇਨਰ ਹਨ।


'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਪੰਕਜ ਸ਼ਰਮਾ ਨੇ ਦੱਸਿਆ ਕਿ 2012 ਵਿਚ 2 ਨਵੰਬਰ ਨੂੰ ਕਰਵਾ ਚੌਥ ਵਾਲੇ ਦਿਨ ਉਨ੍ਹਾਂ ਦੇ ਵੱਡੇ ਬੇਟੇ ਵਿਵਾਨ ਸ਼ਰਮਾ ਦਾ ਜਨਮ ਹੋਇਆ ਸੀ। ਪਤਨੀ ਹਸਪਤਾਲ ਵਿਚ ਦਾਖਲ ਹੋਣ ਕਰਕੇ ਉਸ ਨੂੰ ਇਹ ਵਰਤ ਤੋੜਣਾ ਪੈਣਾ ਸੀ, ਪਰ ਉਨ੍ਹਾਂ ਆਪਣੀ ਮਾਂ ਸਵ: ਨੀਲਮ ਸ਼ਰਮਾ ਦੀ ਪ੍ਰੇਰਣਾ ਸਦਕਾ ਇਹ ਵਰਤ ਉਸ ਦਿਨ ਖੁਦ ਰੱਖਿਆ। ਇਸ ਤੋਂ ਬਾਅਦ ਉਹ ਲਗਾਤਾਰ ਆਪਣੀ ਪਤਨੀ ਨਾਲ 'ਕਰਵਾ-ਚੌਥ' ਦਾ ਵਰਤ ਰੱਖ ਰਹੇ ਹਨ।

ਪੰਕਜ ਸ਼ਰਮਾ ਨੇ ਕਿਹਾ ਕਿ ਪਤਨੀ ਤਾਂ ਪਤੀ ਲੰਬੀ ਉਮਰ ਦੀ ਵਰਤ ਰੱਖਦੀ ਹੈ, ਪਰ ਮੇਰੀ ਖੁਹਾਇਸ਼ ਹੈ ਕਿ ਪਤੀ-ਪਤਨੀ ਦੇ ਸੱਤ ਜਨਮਾਂ ਦੇ ਰਿਸ਼ਤੇ ਵਿਚ ਅਕਸ਼ਿਤਾ ਹੀ ਪਤਨੀ ਦੇ ਰੂਪ ਵਿਚ ਮਿਲੇ। ਉਨ੍ਹਾਂ ਦੇ ਪਰਿਵਾਰ ਵਿਚ ਦੋ ਬੇਟੇ ਵਿਵਾਨ ਸ਼ਰਮਾ ਅਤੇ ਆਰਵ ਸ਼ਰਮਾ ਹਨ, ਜਦ ਕਿ ਪੰਕਜ ਸ਼ਰਮਾ ਦੇ ਪਿਤਾ ਸ਼ਿਵ ਕੁਮਾਰ ਸ਼ਰਮਾ ਬੁਆਇਲਰ ਇੰਜੀਨੀਅਰ ਹਨ। ਅਕਸ਼ਿਤਾ ਸ਼ਰਮਾ ਕਹਿੰਦੀ ਹੈ ਕਿ ਬਹੁਤ ਖੁਸ਼ੀ ਹੈ ਕਿ ਪੰਕਜ ਉਨ੍ਹਾਂ ਨੂੰ ਪਤੀ ਦੇ ਰੂਪ ਵਿਚ ਮਿਲੇ ਹਨ।


ਇੰਡੀਆ ਲੈਵਲ ਦੇ ਸ਼ੋਅ 'ਚ ਜੇਤੂ ਰਹਿ ਚੁੱਕੇ ਪੰਕਜ ਤੇ ਅਕਸ਼ਿਤਾ

ਪੰਕਜ ਸ਼ਰਮਾ ਅਤੇ ਅਕਸ਼ਿਤਾ ਸ਼ਰਮਾ ਵੀਨਸ ਕਰੀਮ ਬਾਰ ਸੀਜਨ-2 ਦੇ 'ਆਪਕੀ ਖੂਬਸੂਰਤੀ ਉਨਕੀ ਨਜ਼ਰ ਸੇ' (ਕਪਲਸ) ਇੰਡੀਆ ਲੈਵਲ ਵਿਚ ਸ਼ੋਅ ਦੇ ਜੇਤੂ ਵੀ ਰਹਿ ਚੁੱਕੇ ਹਨ। ਪੰਕਜ ਸ਼ਰਮਾ ਨੂੰ ਇਸ ਸ਼ੋਅ ਵਿਚ ਮੋਸਟ ਹੈਂਡਸਮ ਟੀਚਰ ਦਾ ਖਿਤਾਬ ਵੀ ਦਿੱਤਾ ਗਿਆ।

ਇਸ ਸ਼ੋਅ ਵਿਚ 18 ਜੋੜੇ (ਪਤੀ-ਪਤਨੀ) ਫਾਈਨਲ ਵਿਚ ਸਨ, ਪਰ ਸਭ ਨੂੰ ਪਛਾੜਦਿਆਂ ਪੰਕਜ ਸ਼ਰਮਾ ਅਤੇ ਅਕਸ਼ਿਤਾ ਸ਼ਰਮਾ ਨੇ ਜੇਤੂ ਖਿਤਾਬ ਹਾਸਲ ਕਰਕੇ ਅੰਮ੍ਰਿਤਸਰ ਹੀ ਨਹੀਂ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ। 2010 ਵਿਚ ਪੰਕਜ ਸ਼ਰਮਾ ਮਿਸਟਰ ਅੰਮ੍ਰਿਤਸਰ ਵੀ ਰਹਿ ਚੁੱਕੇ ਹਨ ਅਤੇ ਅਕਸ਼ਿਤਾ ਸ਼ਰਮਾ ਮਿਸਿਜ ਅੰਮ੍ਰਿਤਸਰ ਵੀ।


ਮੇਰੀ ਮਾਂ ਤੋਂ ਮਿਲੀ ਵੱਡੀ ਪ੍ਰੇਰਨਾ

ਪੰਕਜ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਸਵ: ਨੀਲਮ ਸ਼ਰਮਾ ਬਹੁਤ ਧਾਰਮਿਕ ਪ੍ਰਵਿਰਤੀ ਵਾਲੇ ਸਨ। ਉਨ੍ਹਾਂ ਦੇ ਦਿਖਾਏ ਨਕਸ਼ੇ ਕਦਮਾਂ ਤੇ ਹੀ ਚੱਲਦਿਆਂ ਉਨ੍ਹਾਂ ਨੇ ਵੀ ਸੋਮਵਾਰ ਦੇ ਸਾਉਣ ਮਹੀਨੇ ਦੇ ਵਰਤ ਵੀ ਸ਼ੁਰੂ ਕੀਤੇ ਅਤੇ ਹੁਣ ਤੱਕ ਹਰ ਸਾਲ ਰੱਖਦੇ ਹਨ। ਉਨ੍ਹਾਂ ਵਲੋਂ ਮਿਲੀ ਪ੍ਰੇਰਨਾ ਸਦਕਾ ਹੀ ਪੰਕਜ ਸ਼ਰਮਾ ਹਰ ਸਾਲ ਸਾਉਣ ਮਹੀਨੇ ਦੀ ਵਰਤ ਵੀ ਰੱਖਦੇ ਹਨ।


ਪਤਨੀ ਤੋਂ ਸੁਣਦੇ ਹਨ ਵਰਤ ਦੀ ਕਥਾ

ਪੰਕਜ ਸ਼ਰਮਾ ਦੱਸਦੇ ਹਨ ਕਿ ਉਹ ਆਪਣੀ ਪਤਨੀ ਤੋਂ ਕਰਵਾ ਚੌਥ ਦੀ ਕਥਾ ਸੁਣ ਕੇ ਇਹ ਵਰਤ ਸੰਪੂਰਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਆਪਣੀ ਮਾਂ ਸਵ: ਨੀਲਮ ਸ਼ਰਮਾ ਤੋਂ ਇਹ ਕਥਾ ਸੁਣਦੇ ਸਨ, ਪਰ ਉਨ੍ਹਾਂ ਦੇ ਜਨਵਰੀ 2017 ਵਿਚ ਸਵਰਗਵਾਸ ਹੋ ਜਾਣ ਤੋਂ ਬਾਅਦ ਇਹ ਕਥਾ ਉਹ ਆਪਣੀ ਪਤਨੀ ਅਕਸ਼ਿਤਾ ਸ਼ਰਮਾ ਤੋਂ ਸੁਣਦੇ ਹਨ। ਜ਼ਿਕਰਯੋਗ ਹੈ ਕਿ ਅਕਸ਼ਿਤਾ ਸ਼ਰਮਾ ਬਾਸਕਟਬਾਲ ਦੀ ਖਿਡਾਰਣ ਰਹਿ ਚੁੱਕੀ ਹੈ ਅਤੇ ਨੈਸ਼ਨਲ ਖੇਡ ਚੁੱਕੀ ਹੈ। 5 ਗੋਲਡ ਮੈਡਲ, ਇਕ ਇੰਡੀਆ ਕੈਂਪ ਵੀ ਲਗਾਇਆ ਹੈ।

Posted By: Jagjit Singh