ਜਸਪਾਲ ਸਿੰਘ ਜੱਸੀ/ਪ੍ਰਤਾਪ ਸਿੰਘ, ਤਰਨਤਾਰਨ : ਖਡੂਰ ਸਾਹਿਬ ਮਾਰਗ 'ਤੇ ਪੈਂਦੇ ਪਿੰਡ ਕਲੇਰ ਵਿਖੇ ਹੋਏ ਬੰਬ ਧਮਾਕੇ 'ਚ ਜ਼ਖ਼ਮੀ ਗੁਰਜੰਟ ਸਿੰਘ ਜੰਟਾ ਜਿਸਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ ਨੂੰ ਹਸਪਤਾਲ ਵੱਲੋਂ ਫਿੱਟ ਕਰਾਰ ਦਿੱਤੇ ਜਾਣ ਦੇ ਬਾਵਜੂਦ ਪੁਲਿਸ ਗਿ੍ਫ਼ਤਾਰ ਨਹੀਂ ਕਰ ਰਹੀ ਹੈ। ਹਾਲਾਂਕਿ ਐੱਸਐੱਸਪੀ ਵੱਲੋਂ ਹਾਲੇ ਵੀ ਇਸ ਮਾਮਲੇ 'ਤੇ ਕੁਝ ਵੀ ਨਹੀਂ ਕਿਹਾ ਜਾ ਰਿਹਾ। ਦੱਸਣਾ ਬਣਦਾ ਹੈ ਕਿ 4 ਸਤੰਬਰ ਨੂੰ ਤਰਨਤਾਰਨ-ਖਡੂਰ ਸਾਹਿਬ ਮਾਰਗ ਤੇ ਪੈਂਦੇ ਪਿੰਡ ਕਲੇਰ ਵਿਖੇ ਹੋਏ ਬੰਬ ਧਮਾਕੇ ਵਿਚ ਦੋ ਨੌਜਵਾਨਾਂ ਵਿਕਰਜੀਤ ਸਿੰਘ ਉਰਫ ਬਿੱਕਰ ਵਾਸੀ ਕੱਦਗਿੱਲ ਤੇ ਹਰਪ੍ਰਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਬੱਚੜੇ ਦੀ ਮੌਕੇ 'ਤੇ ਮੌਤ ਹੋ ਗਈ ਸੀ। ਜਦੋਂਕਿ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਪਿੰਡ ਬੱਚੜੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਜੰਟਾ ਦੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ। ਦੂਜੇ ਪਾਸੇ ਡਾਕਟਰਾਂ ਦੀ ਮੰਨੀਏ ਤਾਂ ਜੰਟਾ ਲਗਪਗ ਠੀਕ ਹੋ ਚੁੱਕਾ ਹੈ ਤੇ ਉਸ ਨੂੰ ਖਾਣ-ਪੀਣ ਵਿਚ ਵੀ ਕੋਈ ਦਿੱਕਤ ਨਹੀਂ ਹੈ। ਸੂਤਰਾਂ ਦੀ ਮੰਨੀਏ ਤਾਂ ਹਸਪਤਾਲ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਜੰਟਾ ਨੂੰ ਛੁੱਟੀ ਦਿਵਾਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਉਸ ਨੂੰ ਹਿਰਾਸਤ ਵਿਚ ਨਹੀਂ ਲਿਆ ਜਾ ਰਿਹਾ। ਹਾਲਾਂਕਿ ਇੰਸੂਲੇਸ਼ਨ ਵਾਰਡ ਦੇ ਕਮਰੇ ਵਿਚ ਦਾਖਲ ਜੰਟਾ ਨੂੰ ਸਖ਼ਤ ਪੁਲਿਸ ਪਹਿਰੇ ਵਿਚ ਰੱਖਿਆ ਗਿਆ ਹੈ। ਐੱਸਐੱਸਪੀ ਧਰੁਵ ਦਹੀਆ ਦਾ ਕਹਿਣਾ ਹੈ ਕਿ ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਪਹਿਲਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।