ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 18 ਸਤੰਬਰ ਨੂੰ ਤਨਖਾਹੀਏ ਕਰਾਰ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਹੁਦੇਦਾਰਾਂ ਧਾਰਮਿਕ ਸਜ਼ਾ ਭੁਗਤ ਰਹੇ ਨਾਲ ਸਲਾਨਾ ਬਜਟ ਇਜਲਾਸ ਸਮਾਗਮ ਵਿਚ ਸ਼ਮੂਲੀਅਤ ਕੀਤੀ। ਸ਼੍ਰੋਮਣੀ ਕਮੇਟੀ ਦੇ ਸਲਾਨਾ ਬਜਟ ਇਜਲਾਸ ਵਿਚ ਹੋਣ ਵਾਲੇ ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ, ਗਿਆਨੀ ਜਗਤਾਰ ਸਿੰਘ, ਭਾਈ ਸੁਲਤਾਨ ਸਿੰਘ ਤੇ ਭਾਈ ਹਰਮਿੱਤਰ ਸਿੰਘ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕਰਕੇ 18 ਸਤੰਬਰ ਤੋਂ ਇਕ ਮਹੀਨੇ ਦੀ ਧਾਰਮਿਕ ਸਜ਼ਾ ਭੁਗਤ ਰਹੇ ਤਨਖਾਹੀਏ ਆਗੂਆਂ ਨਾਲ ਸਮਾਗਮ ਵਿਚ ਸਾਂਝ ਪਾਈ ਹੈ।

ਇਕ ਮਹੀਨੇ ਦੀ ਤਨਖਾਹ (ਧਾਰਮਿਕ ਸਜ਼ਾ) ਵਿਚ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ ਨੂੰ ਕਿਸੇ ਵੀ ਸਮਾਗਮ ਵਿਚ ਬੋਲਣ ਵਿਚ ਮਨਾਹੀ ਕੀਤੀ ਸੀ, ਪਰ 28 ਸਤੰਬਰ ਨੂੰ ਹੋਣ ਵਾਲੇ ਇਜਲਾਸ ਵਿਚ ਛੂਟ ਵੀ ਦਿੱਤੀ ਸੀ। ਧਾਰਮਿਕ ਪੱਖੋਂ ਦੇਖਿਆ ਜਾਵੇ ਤਾਂ ਕਿਸੇ ਵੀ ਤਨਖਾਹੀਏ ਜਿਸ ਨੇ ਆਪਣੀ ਤਨਖਾਹ ਪੂਰੀ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਰਿਪੋਰਟ ਨਾ ਕੀਤੀ ਹੋਵੇ ਓਨਾਂ ਸਮਾਂ ਉਸ ਤਨਖਾਹੀਏ ਨਾਲ ਕਿਸੇ ਵੀ ਉਚ ਧਾਰਮਿਕ ਸ਼ਖਸੀਅਤ ਦਾ ਮਿਲਣ-ਵਰਤਣ ਅਤੇ ਸਮਾਗਮ ਵਿਚ ਸਾਂਝੇ ਤੌਰ 'ਤੇ ਸ਼ਮੂਲੀਅਤ ਕਰਨਾ ਨਹੀਂ ਬਣਦਾ। ਇਥੇ ਤਾਂ ਧਾਰਮਿਕ ਤਨਖਾਹ ਲਗਾਉਣ ਵਾਲੇ ਜਥੇਦਾਰ ਹੀ ਤਨਖਾਹੀਆਂ ਦੇ ਨਾਲ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਪਹੁੰਚ ਗਏ, ਜੋ ਕਿ ਚਰਚਾ ਵਿਸ਼ਾ ਬਣਿਆ ਰਿਹਾ।

Posted By: Jagjit Singh